ਚੰਡੀਗੜ੍ਹ, 03 ਮਈ, 2024: ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ (Balochistan) ਸੂਬੇ ਦੇ ਖੁਜ਼ਦਾਰ ਜ਼ਿਲ੍ਹੇ ’ਚ ਅੱਜ ਹੋਏ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ | ਇਸ ਘਟਨਾ ’ਚ ਘੱਟੋ-ਘੱਟ 3 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 8 ਹੋਰ ਜ਼ਖ਼ਮੀ ਹਨ ।
ਸਥਾਨਕ ਪੁਲਿਸ ਅਨੁਸਾਰ ਜ਼ਿਲ੍ਹੇ ਦੇ ਚਮਰੂਕ ਇਲਾਕੇ ਵਿਚ ਦੁਪਹਿਰ ਵੇਲੇ ਇਕ ਸਥਾਨਕ ਪੱਤਰਕਾਰ ਦੀ ਗੱਡੀ ਨੂੰ ਵਿਸਫੋਟਕ ਯੰਤਰ ਨਾਲ ਨਿਸ਼ਾਨਾ ਬਣਾਇਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਧਮਾਕੇ ਵਿਚ ਪੱਤਰਕਾਰ ਅਤੇ ਦੋ ਹੋਰ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਹੋਰ ਲੋਕ ਜ਼ਖਮੀ ਹੋ ਗਏ, ਜੋ ਘਟਨਾ ਸਥਾਨ ’ਤੇ ਮੌਜੂਦ ਸਨ। ਜਾਣਕਾਰੀ ਅਨੁਸਾਰ ਸਾਰੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਸਮੂਹ ਜਾਂ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।