July 7, 2024 1:51 pm
fishermen

ਪਾਕਿਸਤਾਨ ਨੇ 31 ਦਸੰਬਰ 2022 ਤੱਕ ਗੁਜਰਾਤ ਦੇ 560 ਮਛੇਰਿਆਂ ਨੂੰ ਹਿਰਾਸਤ ‘ਚ ਲਿਆ: ਗੁਜਰਾਤ ਸਰਕਾਰ

ਚੰਡੀਗੜ੍ਹ, 07 ਮਾਰਚ 2023: ਗੁਜਰਾਤ ਸਰਕਾਰ (Gujarat Government) ਨੇ ਵਿਧਾਨ ਸਭਾ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੁਜਰਾਤ ਦੇ 560 ਮਛੇਰੇ (fishermen) ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਹਨ। ਇਹ ਮਛੇਰੇ ਗਲਤੀ ਨਾਲ ਸਰਹੱਦ ਪਾਰ ਕਰ ਗਏ ਸਨ ਅਤੇ ਪਾਕਿਸਤਾਨੀ ਫੌਜ ਨੇ ਫੜ ਲਏ ਸਨ। ਇਸ ਬਾਰੇ ਵਿਧਾਨ ਸਭਾ ਵਿੱਚ ਸਵਾਲ ਉਠਾਇਆ ਗਿਆ। ਜਿਸ ਦੇ ਜਵਾਬ ਵਿੱਚ ਗੁਜਰਾਤ ਦੇ ਮੱਛੀ ਪਾਲਣ ਮੰਤਰੀ ਰਾਘਵਜੀ ਪਟੇਲ ਨੇ ਕਿਹਾ ਕਿ 31 ਦਸੰਬਰ 2022 ਤੱਕ ਗੁਜਰਾਤ ਦੇ ਕੁੱਲ 560 ਮਛੇਰੇ ਪਾਕਿਸਤਾਨ ਦੀ ਹਿਰਾਸਤ ਵਿੱਚ ਹਨ।

ਮੰਤਰੀ ਨੇ ਕਿਹਾ ਕਿ ਇਨ੍ਹਾਂ 274 ਵਿੱਚੋਂ ਅੱਧੇ ਨੂੰ ਪਿਛਲੇ ਦੋ ਸਾਲਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਗੁਜਰਾਤ ਦੇ 193 ਮਛੇਰੇ ਪਾਕਿਸਤਾਨ ਨੇ ਫੜੇ ਸਨ। ਅਤੇ 2022 ਵਿੱਚ, 81 ਮਛੇਰੇ ਪਾਕਿਸਤਾਨ ਨੇ ਫੜੇ ਸਨ। ਪਿਛਲੇ ਦੋ ਸਾਲਾਂ ਵਿੱਚ ਪਾਕਿਸਤਾਨ ਨੇ 55 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਵਿੱਚੋਂ 20 ਮਛੇਰਿਆਂ ਨੂੰ 2021 ਵਿੱਚ ਅਤੇ 35 ਮਛੇਰਿਆਂ ਨੂੰ 2022 ਵਿੱਚ ਰਿਹਾਅ ਕੀਤਾ ਗਿਆ ਸੀ।

ਪਾਕਿਸਤਾਨ ਵੱਲੋਂ ਫੜੇ ਗਏ ਮਛੇਰਿਆਂ (fishermen) ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਦੇ ਜਵਾਬ ਵਿੱਚ ਗੁਜਰਾਤ ਸਰਕਾਰ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ 323 ਮਛੇਰਿਆਂ ਦੇ ਪਰਿਵਾਰਾਂ ਨੂੰ ਪ੍ਰਤੀ ਦਿਨ 300 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਸਾਲ 2021 ਵਿੱਚ 300 ਪਰਿਵਾਰਾਂ ਨੂੰ ਇਹ ਵਿੱਤੀ ਸਹਾਇਤਾ ਦਿੱਤੀ ਗਈ ਸੀ ਅਤੇ 2022 ਵਿੱਚ 428 ਪਰਿਵਾਰਾਂ ਨੂੰ ਇਹ ਵਿੱਤੀ ਸਹਾਇਤਾ ਦਿੱਤੀ ਗਈ ਸੀ।

ਦੱਸ ਦੇਈਏ ਕਿ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਦੀਆਂ ਕਿਸ਼ਤੀਆਂ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਕੋਲ ਗਸ਼ਤ ਕਰਦੀਆਂ ਰਹਿੰਦੀਆਂ ਹਨ। ਜਿਵੇਂ ਹੀ ਕੋਈ ਭਾਰਤੀ ਮਛੇਰਾ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ, ਉਹ ਉਸ ਨੂੰ ਫੜ ਲੈਂਦੇ ਹਨ।

ਪਾਕਿਸਤਾਨ ਦੇ ਮਛੇਰੇ ਵੀ ਕਈ ਵਾਰ ਗਲਤੀ ਨਾਲ ਸਰਹੱਦ ਪਾਰ ਕਰ ਕੇ ਇੱਥੇ ਆ ਜਾਂਦੇ ਹਨ, ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਆਮ ਤੌਰ ‘ਤੇ ਮਛੇਰੇ ਚੰਗੀ ਗਿਣਤੀ ਵਿਚ ਮੱਛੀਆਂ ਫੜਨ ਦੇ ਲਾਲਚ ਵਿਚ ਗਲਤੀ ਨਾਲ ਸਰਹੱਦ ਪਾਰ ਕਰ ਜਾਂਦੇ ਹਨ।