Imran Khan

ਪਾਕਿਸਤਾਨ ਅਦਾਲਤ ਦੀ ਇਮਰਾਨ ਖ਼ਾਨ ਖ਼ਿਲਾਫ਼ ਸਖ਼ਤੀ, ਰੱਦ ਹੋ ਸਕਦੀ ਹੈ ਜ਼ਮਾਨਤ

ਚੰਡੀਗੜ੍ਹ, 03 ਮਈ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਖ਼ਿਲਾਫ਼ ਬੁੱਧਵਾਰ ਨੂੰ ਉੱਥੋਂ ਦੀ ਇਕ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਲਗਾਤਾਰ ਗੈਰ-ਹਾਜ਼ਰੀ ਨੂੰ ਲੈ ਕੇ ਸਖ਼ਤੀ ਦਿਖਾਈ ਅਤੇ ਕਿਹਾ ਕਿ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ। ਦਰਅਸਲ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਨਹੀਂ ਸੀ, ਜਿਸ ਲਈ ਅਦਾਲਤ ਨੇ ਅਸੰਤੁਸ਼ਟੀ ਪ੍ਰਗਟਾਈ।

ਇਸਲਾਮਾਬਾਦ ਹਾਈਕੋਰਟ (ਆਈਐਚਸੀ) ਦੇ ਚੀਫ਼ ਜਸਟਿਸ ਆਮੇਰ ਫਾਰੂਕ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਬਾਹਰ ਮਜ਼ਾਕ ਬਣਾਇਆ ਹੈ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ।

ਇਮਰਾਨ ਖਾਨ (Imran Khan) ਦੇ ਪਿਛਲੇ ਸਾਲ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ 100 ਤੋਂ ਜ਼ਿਆਦਾ ਮਾਮਲੇ ਦਰਜ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਮਾਮਲੇ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੀਟੀਆਈ ਮੁਖੀ ਨੂੰ ਪਾਕਿਸਤਾਨੀ ਫ਼ੌਜ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਅਣਉਚਿਤ ਭਾਸ਼ਾ ਦੀ ਵਰਤੋਂ ਸਮੇਤ ਕਈ ਮਾਮਲਿਆਂ ਵਿੱਚ ਹਾਈਕੋਰਟ ਨੇ ਅਗਾਊਂ ਜ਼ਮਾਨਤ ਦਿੱਤੀ ਹੈ।

ਹਾਈਕੋਰਟ ਨੇ ਇਮਰਾਨ ਖਾਨ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ। ਦਰਅਸਲ, ਅਦਾਲਤ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਹੋਣਾ ਪਵੇਗਾ ਅਤੇ ਉਹ ਇਸ ਲਈ ਸਹਿਮਤ ਹੋ ਗਏ ਸਨ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੰਸਦ ਮੈਂਬਰ ਮੋਹਸਿਨ ਸ਼ਾਹਨਵਾਜ਼ ਰਾਂਝਾ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ, ਜਸਟਿਸ ਫਾਰੂਕ ਨੇ ਬੁੱਧਵਾਰ ਨੂੰ ਵੱਖ-ਵੱਖ ਮਾਮਲਿਆਂ ਵਿੱਚ ਇਮਰਾਨ ਖਾਨ ਦੇ ਲਗਾਤਾਰ ਗੈਰ-ਹਾਜ਼ਰੀ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਉਸ ਨੂੰ ਉਸੇ ਦਿਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।

ਰਿਪੋਰਟ ‘ਚ ਜਸਟਿਸ ਫਾਰੂਕ ਦੇ ਹਵਾਲੇ ਨਾਲ ਕਿਹਾ ਗਿਆ ਹੈ, ”ਜੇਕਰ ਇਮਰਾਨ ਖਾਨ ਅਦਾਲਤੀ ਸਮੇਂ ਦੌਰਾਨ ਪੇਸ਼ ਨਹੀਂ ਹੁੰਦੇ ਤਾਂ ਅੰਤਰਿਮ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਬਾਹਰ ਮਜ਼ਾਕ ਉਡਾਇਆ ਹੈ।ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਮੰਗਲਵਾਰ ਨੂੰ ਆਪਣੇ ਖ਼ਿਲਾਫ਼ ਦਰਜ ਸਾਰੇ ਸਿਆਸੀ ਮਾਮਲਿਆਂ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਦਾਲਤ ਵਿਚ ਨਿਯਮਤ ਤੌਰ ‘ਤੇ ਪੇਸ਼ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ।

Scroll to Top