ਚੰਡੀਗੜ੍ਹ, 18 ਮਾਰਚ 2024: ਅਫਗਾਨਿਸਤਾਨ (Afghanistan) ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਦੋ ਹਵਾਈ ਹਮਲੇ ਕੀਤੇ, ਜਿਸ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ। ਇਸ ਹਮਲੇ ਵਿੱਚ ਕਈ ਬੀਬੀਆਂ ਅਤੇ ਬੱਚੇ ਵੀ ਮਾਰੇ ਗਏ ਹਨ ।
2021 ‘ਚ ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਲਗਾਤਾਰ ਵਧਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਅੱਤਵਾਦੀ ਲਗਾਤਾਰ ਸਰਹੱਦ ‘ਤੇ ਹਮਲੇ ਕਰ ਰਹੇ ਹਨ। ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਬਿਆਨ ਵਿਚ ਕਿਹਾ ਕਿ ਦੁਪਹਿਰ ਕਰੀਬ 3 ਵਜੇ, ਪਾਕਿਸਤਾਨੀ ਜਹਾਜ਼ਾਂ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ ਖੋਸਤ ਅਤੇ ਪਕਤਿਕਾ ਸੂਬਿਆਂ ਵਿਚ ਘਰਾਂ ‘ਤੇ ਬੰਬਾਰੀ ਕੀਤੀ।
ਪਾਕਿਸਤਾਨੀ ਅਖਬਾਰ ‘ਦਿ ਡਾਨ’ ਦੀ ਰਿਪੋਰਟ ‘ਚ ਇਸ ਘਟਨਾ ਬਾਰੇ ਅਫਗਾਨ (Afghanistan) ਸਰਕਾਰ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਦੇ ਹਵਾਲੇ ਨਾਲ ਦੱਸਿਆ ਗਿਆ ਹੈ। ਮੁਜਾਹਿਦ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਾਡੇ ਖੋਸਤ ਅਤੇ ਪਕਤਿਕਾ ਸੂਬਿਆਂ ‘ਤੇ ਬੰਬਾਰੀ ਕੀਤੀ। ਇਹ ਰਿਹਾਇਸ਼ੀ ਇਲਾਕੇ ਸਨ, ਜਿਸ ‘ਚ 8 ਜਣਿਆਂ ਦੀ ਮੌਤ ਹੋ ਗਈ। ਪਾਕਿਸਤਾਨ ਨੇ ਆਮ ਅਫਗਾਨ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।
ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ‘ਚ ਸ਼ਨੀਵਾਰ ਨੂੰ ਅੱਤਵਾਦੀ ਹਮਲਾ ਹੋਇਆ। ਇਸ ਵਿੱਚ ਦੋ ਫੌਜੀ ਅਧਿਕਾਰੀ ਸ਼ਹੀਦ ਹੋ ਗਏ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਅੰਤਿਮ ਸਸਕਾਰ ਸਮੇਂ ਮੌਜੂਦ ਸਨ। ਉਨ੍ਹਾਂ ਕਿਹਾ ਸੀ ਕਿ ਸ਼ਹੀਦਾਂ ਦੇ ਖੂਨ ਦਾ ਬਦਲਾ ਲਿਆ ਜਾਵੇਗਾ। ਜੇਕਰ ਸਾਡੇ ਦੇਸ਼ ‘ਤੇ ਸਰਹੱਦ ਪਾਰ ਤੋਂ ਹਮਲਾ ਹੁੰਦਾ ਹੈ ਤਾਂ ਅਸੀਂ ਢੁਕਵਾਂ ਜਵਾਬ ਦੇਵਾਂਗੇ।