ਸਪੋਰਟਸ, 08 ਅਗਸਤ 2025: ਪਾਕਿਸਤਾਨ ਦੇ ਨੌਜਵਾਨ ਬੱਲੇਬਾਜ਼ ਹੈਦਰ ਅਲੀ (Haider Ali) ਨੂੰ ਇੰਗਲੈਂਡ ‘ਚ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ 3 ਅਗਸਤ ਦਾ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਜਾਣਕਾਰੀ ਹੁਣ ਸਾਹਮਣੇ ਆਈ ਹੈ। ਟੈਲੀਕਾਮ ਏਸ਼ੀਆ ਸਪੋਰਟਸ ਦੀ ਰਿਪੋਰਟ ਮੁਤਾਬਕ 24 ਸਾਲਾ ਬੱਲੇਬਾਜ਼ ਹੈਦਰ ਪਾਕਿਸਤਾਨ ਏ ਟੀਮ (ਪਾਕਿਸਤਾਨ ਸ਼ਾਹੀਨ) ਦਾ ਹਿੱਸਾ ਹੈ।
3 ਅਗਸਤ ਨੂੰ ਹੈਦਰ ਅਲੀ (Haider Ali) ਕੈਂਟਰਬਰੀ ਗਰਾਊਂਡ ਵਿੱਚ MCSAC (ਮੈਲਬੌਰਨ ਕ੍ਰਿਕਟ ਕਲੱਬ ਟੀਮ) ਵਿਰੁੱਧ ਮੈਚ ਖੇਡ ਰਿਹਾ ਸੀ। ਫਿਰ ਗ੍ਰੇਟਰ ਮੈਨਚੈਸਟਰ ਪੁਲਿਸ ਨੇ ਉਨ੍ਹਾਂ ਨੂੰ ਮੈਦਾਨ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਬਾਅਦ ‘ਚ ਉਸਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ, ਪਰ ਉਸਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਹੈਦਰ ਅਲੀ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ‘ਹੈਦਰ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਕੁੜੀ ਪਾਕਿਸਤਾਨੀ ਮੂਲ ਦੀ ਹੈ।’
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਬੁਲਾਰੇ ਨੇ ਕਿਹਾ, ‘ਸਾਨੂੰ ਗ੍ਰਿਫ਼ਤਾਰੀ ਬਾਰੇ ਸੂਚਿਤ ਕੀਤਾ ਗਿਆ ਸੀ। ਹੈਦਰ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ, ਅਤੇ ਅਸੀਂ ਯੂਕੇ ‘ਚ ਆਪਣੀ ਜਾਂਚ ਕਰਾਂਗੇ। ਬੋਰਡ ਇਸ ਮੁਸ਼ਕਿਲ ਸਮੇਂ ‘ਚ ਹੈਦਰ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ।’
ਹੈਦਰ ਅਲੀ ਨੂੰ ਕਦੇ ਪਾਕਿਸਤਾਨ ਕ੍ਰਿਕਟ ਦਾ ਉੱਭਰਦਾ ਸਿਤਾਰਾ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਪਾਕਿਸਤਾਨ ਲਈ 2 ਵਨਡੇ ਅਤੇ 35 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਹੈਦਰ ਨੇ 2020 ਦੇ ਅੰਡਰ-19 ਵਿਸ਼ਵ ਕੱਪ ‘ਚ ਵੀ ਹਿੱਸਾ ਲਿਆ ਸੀ, ਜਿੱਥੇ ਉਸਨੂੰ ਭਾਰਤ ਦੇ ਯਸ਼ਸਵੀ ਜੈਸਵਾਲ ਦੇ ਨਾਲ ਪਾਕਿਸਤਾਨ ਦੇ ਸਭ ਤੋਂ ਹੋਨਹਾਰ ਖਿਡਾਰੀਆਂ ‘ਚ ਗਿਣਿਆ ਜਾਂਦਾ ਸੀ।