ਚੰਡੀਗੜ੍ਹ 06 ਜਨਵਰੀ 2022: ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ‘ਚ ਸ਼ੁੱਕਰਵਾਰ ਤੜਕੇ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਿਸ ਸਟੇਸ਼ਨ ‘ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ । ਮਾਰੂ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਸੂਬੇ ਦੇ ਲੱਕੀ ਮਾਰਵਾਤ ਜ਼ਿਲ੍ਹੇ ਦੇ ਵਾਰਗੜ੍ਹਾ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਥਾਣੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਇਕ ਕਾਂਸਟੇਬਲ ਦੀ ਮੌਤ ਹੋ ਗਈ, ਜਦਕਿ ਥਾਣਾ ਮੁਖੀ ਜ਼ਖਮੀ ਹੋ ਗਿਆ।
ਇਸ ਦੌਰਾਨ ਬੰਦੂਕਧਾਰੀਆਂ ਨੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਪੋਲੀਓ ਟੀਕਾਕਰਨ ਕਰਮਚਾਰੀਆਂ ਦੀ ਇੱਕ ਟੀਮ ਨੂੰ ਲੈ ਕੇ ਜਾ ਰਹੇ ਪੁਲਿਸ ਕਰਮਚਾਰੀਆਂ ਦੇ ਇੱਕ ਵਾਹਨ ‘ਤੇ ਵੀ ਹਮਲਾ ਕੀਤਾ। ਹਮਲੇ ‘ਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਰਿਪੋਰਟਾਂ ਦੇ ਅਨੁਸਾਰ, ਪੁਲਿਸ ਟੀਮ ਨੇੜਲੇ ਟੀਕਾਕਰਨ ਕੇਂਦਰ ਵੱਲ ਜਾ ਰਹੀ ਸੀ ਜਦੋਂ ਛੇ ਤੋਂ ਅੱਠ ਸ਼ੱਕੀ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਇੱਕ ਪੁਲ ਦੇ ਨੇੜੇ ਹੈਂਡ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਗੋਲੀਬਾਰੀ ਵੀ ਹੋਈ।
ਇਸ ਹਮਲੇ ਵਿੱਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ਵਿੱਚ ਇੱਕ ਹਮਲਾਵਰ ਵੀ ਜ਼ਖ਼ਮੀ ਹੋ ਗਿਆ। ਅੱਤਵਾਦੀ ਆਪਣੇ ਜ਼ਖਮੀ ਸਾਥੀ ਨੂੰ ਲੈ ਕੇ ਭੱਜ ਗਏ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਹਾਲ ਹੀ ਦੇ ਸਾਲਾਂ ‘ਚ ਅੱਤਵਾਦੀਆਂ ਨੇ ਪੋਲੀਓ ਵਰਕਰਾਂ ਦੀਆਂ ਟੀਮਾਂ ‘ਤੇ ਵਾਰ-ਵਾਰ ਹਮਲੇ ਕੀਤੇ ਹਨ।