ਚੰਡੀਗੜ੍ਹ, 26 ਜੂਨ 2023: ਪਾਕਿਸਤਾਨੀ ਫੌਜ (Pakistan Army) ਨੇ ਸੋਮਵਾਰ ਨੂੰ ਫੌਜ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ । ਬਰਖ਼ਾਸਤ ਕੀਤੇ ਗਏ ਅਫਸਰਾਂ ਵਿੱਚ ਇੱਕ ਤਿੰਨ ਸਿਤਾਰਾ ਅਧਿਕਾਰੀ ਅਤੇ ਇੱਕ ਲੈਫਟੀਨੈਂਟ ਜਨਰਲ ਸ਼ਾਮਲ ਹਨ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਫੌਜੀ ਟਿਕਾਣਿਆਂ ਦੀ ਸੁਰੱਖਿਆ ‘ਚ ਅਸਫਲ ਰਹਿਣ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਫੌਜੀ ਬੁਲਾਰੇ ਨੇ ਕਿਹਾ ਕਿ 9 ਮਈ ਦੀ ਹਿੰਸਾ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਿੰਨ ਮੇਜਰ ਜਨਰਲਾਂ ਅਤੇ ਸੱਤ ਬ੍ਰਿਗੇਡੀਅਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਫੌਜ (Pakistan Army) ਦੇ ਬੁਲਾਰੇ ਮੇਜਰ ਜਨਰਲ ਅਰਸ਼ਦ ਸ਼ਰੀਫ ਨੇ ਕਿਹਾ ਕਿ ਫੌਜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਦੋ ਵਾਰ ਜਾਂਚ ਕੀਤੀ ਅਤੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇੱਕ ਲੈਫਟੀਨੈਂਟ-ਜਨਰਲ ਸਮੇਤ ਤਿੰਨ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਤਿੰਨ ਮੇਜਰ ਜਨਰਲਾਂ ਅਤੇ ਸੱਤ ਬ੍ਰਿਗੇਡੀਅਰਾਂ ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਪੂਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਦੱਸ ਦਈਏ ਕਿ 9 ਮਈ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਫੈਸਲਾਬਾਦ ਵਿੱਚ ਲਾਹੌਰ ਕੋਰ ਕਮਾਂਡਰ ਹਾਊਸ, ਮੀਆਂਵਾਲੀ ਏਅਰਬੇਸ ਅਤੇ ਆਈਐਸਆਈ ਦੀ ਇਮਾਰਤ ਸਮੇਤ 20 ਤੋਂ ਵੱਧ ਫੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਵਿੱਚ ਭੰਨਤੋੜ ਕੀਤੀ ਸੀ। ਵੱਡੀ ਗੱਲ ਇਹ ਸੀ ਕਿ ਰਾਵਲਪਿੰਡੀ ਸਥਿਤ ਫੌਜ ਦੇ ਹੈੱਡਕੁਆਰਟਰ (ਜੀ.ਐੱਚ.ਕਿਊ.) ‘ਤੇ ਵੀ ਪਹਿਲੀ ਵਾਰ ਭੀੜ ਨੇ ਹਮਲਾ ਕੀਤਾ ਸੀ।