ਚੰਡੀਗੜ੍ਹ, 04 ਨਵੰਬਰ 2023: ਪਾਕਿਸਤਾਨ (Pakistan) ਨੇ ਮੀਂਹ ਨਾਲ ਪ੍ਰਭਾਵਿਤ ਵਨਡੇ ਵਿਸ਼ਵ ਕੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ ਡਕਵਰਥ ਲੁਈਸ ਵਿਧੀ ਦੇ ਤਹਿਤ 21 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਪਾਕਿਸਤਾਨ ਦੀ ਟੀਮ ਅੰਕ ਸੂਚੀ ਵਿੱਚ 5ਵੇਂ ਨੰਬਰ ‘ਤੇ ਆ ਗਈ ਹੈ ਅਤੇ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਹੈ, ਫਖਰ ਜ਼ਮਾਨ ਨੇ 81 ਗੇਂਦਾਂ ‘ਤੇ ਅਜੇਤੂ 126 ਦੌੜਾਂ ਅਤੇ ਕਪਤਾਨ ਬਾਬਰ ਆਜ਼ਮ ਨੇ 63 ਗੇਂਦਾਂ ‘ਤੇ ਨਾਬਾਦ 66 ਦੌੜਾਂ ਬਣਾਈਆਂ।
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 401 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਨੇ 21.3 ਓਵਰਾਂ ‘ਚ ਇਕ ਵਿਕਟ ‘ਤੇ 160 ਦੌੜਾਂ ਬਣਾ ਲਈਆਂ ਸਨ, ਫਿਰ ਮੀਂਹ ਆ ਗਿਆ ਅਤੇ 41 ਓਵਰਾਂ ‘ਚ 342 ਦੌੜਾਂ ਦਾ ਟੀਚਾ ਰੱਖਿਆ ਗਿਆ। ਇੱਥੇ ਪਾਕਿਸਤਾਨੀ ਟੀਮ ਨੂੰ 19.3 ਓਵਰਾਂ ਵਿੱਚ 182 ਦੌੜਾਂ ਬਣਾਉਣੀਆਂ ਪਈਆਂ। ਜਦੋਂ ਖੇਡ ਦੁਬਾਰਾ ਸ਼ੁਰੂ ਹੋਈ ਤਾਂ ਪਾਕਿਸਤਾਨ ਨੇ ਅਗਲੇ 3.3 ਓਵਰਾਂ ਵਿੱਚ 40 ਦੌੜਾਂ ਬਣਾ ਲਈਆਂ ਸਨ। ਜਦੋਂ 25.3 ਓਵਰਾਂ ਤੋਂ ਬਾਅਦ ਖੇਡ ਨੂੰ ਦੁਬਾਰਾ ਰੋਕਿਆ ਗਿਆ ਤਾਂ ਪਾਕਿਸਤਾਨ ਨੇ ਇਕ ਵਿਕਟ ‘ਤੇ 200 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਮੁਕਾਬਲਾ ਨਹੀਂ ਹੋ ਸਕਿਆ।