ਚੰਡੀਗੜ੍ਹ, 04 ਨਵੰਬਰ 2023: ਵਨਡੇ ਵਿਸ਼ਵ ਕੱਪ ਦੇ 35ਵੇਂ ਮੈਚ ‘ਚ ਨਿਊਜ਼ੀਲੈਂਡ (New Zealand) ਨੇ ਪਾਕਿਸਤਾਨ ਨੂੰ ਜਿੱਤ ਲਈ 402 ਦੌੜਾਂ ਦਾ ਟੀਚਾ ਦਿੱਤਾ ਹੈ। ਬੈਂਗਲੁਰੂ ‘ਚ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 6 ਵਿਕਟਾਂ ‘ਤੇ 401 ਦੌੜਾਂ ਬਣਾਈਆਂ। ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਵਿੱਚ ਦੂਜੀ ਵਾਰ 400+ ਦਾ ਸਕੋਰ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਨੇ ਪਹਿਲੀ ਵਾਰ ਸ਼੍ਰੀਲੰਕਾ ਖਿਲਾਫ 428 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ (New Zealand) ਲਈ ਰਚਿਨ ਰਵਿੰਦਰਾ ਨੇ ਐਮ ਚਿੰਨਾਸਵਾਮੀ ਸਟੇਡੀਅਮ ‘ਚ 108 ਦੌੜਾਂ ਦੀ ਸੈਂਕੜਾ ਪਾਰੀ ਖੇਡੀ। ਸੱਟ ਤੋਂ ਵਾਪਸੀ ਕਰ ਰਹੇ ਕਪਤਾਨ ਕੇਨ ਵਿਲੀਅਮਸਨ 95 ਦੌੜਾਂ ਬਣਾ ਕੇ ਆਊਟ ਹੋ ਗਏ। ਪਾਕਿਸਤਾਨ ਲਈ ਮੁਹੰਮਦ ਵਸੀਮ ਜੂਨੀਅਰ ਨੇ 3 ਵਿਕਟਾਂ ਲਈਆਂ।
ਰਚਿਨ ਰਵਿੰਦਰਾ ਨੇ 94 ਗੇਂਦਾਂ ‘ਤੇ 108 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਮੁਹੰਮਦ ਵਸੀਮ ਨੇ ਆਊਟ ਕੀਤਾ। ਰਚਿਨ ਦਾ ਵਿਸ਼ਵ ਕੱਪ ਅਤੇ ਵਨਡੇ ਕਰੀਅਰ ਦੋਵਾਂ ਵਿੱਚ ਇਹ ਤੀਜਾ ਸੈਂਕੜਾ ਹੈ। ਕੇਨ ਵਿਲੀਅਮਸਨ ਨੇ 79 ਗੇਂਦਾਂ ‘ਤੇ 95 ਦੌੜਾਂ ਬਣਾਈਆਂ। ਵਿਲੀਅਮਸਨ ਦਾ ਇਸ ਵਿਸ਼ਵ ਕੱਪ ਵਿੱਚ ਇਹ ਦੂਜਾ ਅਰਧ ਸੈਂਕੜਾ ਹੈ। ਇਹ ਉਸ ਦੇ ਵਨਡੇ ਕਰੀਅਰ ਦਾ 44ਵਾਂ ਅਰਧ ਸੈਂਕੜਾ ਹੈ। ਉਸ ਨੂੰ ਇਫ਼ਤਿਖਾਰ ਅਹਿਮਦ ਨੇ ਆਊਟ ਕੀਤਾ।