PAK vs AUS

PAK vs AUS: ਪਾਕਿਸਤਾਨ ਨੇ ਆਸਟ੍ਰੇਲੀਆ ਨੂੰ ਉਸਦੇ ਘਰੇਲੂ ਮੈਦਾਨ ‘ਤੇ 8 ਸਾਲ ਬਾਅਦ ਹਰਾਇਆ

ਚੰਡੀਗੜ੍ਹ, 08 ਨਵੰਬਰ 2024: PAK vs AUS ODI SERIES: ਪਾਕਿਸਤਾਨ ਦੀ ਟੀਮ ਲੈਅ ‘ਚ ਵਾਪਸ ਪਰਤੀ ਹੈ | ਦੂਜੇ ਵਨਡੇ ਮੈਚ ‘ਚ ਪਾਕਿਸਤਾਨ ਨੇ ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਐਡੀਲੇਡ ਓਵਲ ‘ਚ ਖੇਡੇ ਗਏ ਦੂਜੇ ਵਨਡੇ ‘ਚ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਟੀਮ ਨੇ ਆਸਟ੍ਰੇਲੀਆ ਨੂੰ ਉਸਦੇ ਘਰੇਲੂ ਮੈਦਾਨ ‘ਤੇ ਕਰੀਬ 8 ਸਾਲ ਬਾਅਦ ਹਰਾਇਆ ਹੈ |

ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 35 ਓਵਰਾਂ ‘ਚ 163 ਦੌੜਾਂ ‘ਤੇ ਸਿਮਟ ਗਈ। ਜਵਾਬ ‘ਚ ਪਾਕਿਸਤਾਨ ਨੇ 26.3 ਓਵਰਾਂ ‘ਚ ਇੱਕ ਵਿਕਟ ਗੁਆ ਕੇ ਜਿੱਤ ਹਾਸਲ ਕਰ ਲਈ। ਹਰਿਸ ਰਾਊਫ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਹਨ । ਉਥੇ ਹੀ ਸੈਮ ਅਯੂਬ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਪਹਿਲਾ ਵਨਡੇ ਆਸਟ੍ਰੇਲੀਆ ਨੇ ਜਿੱਤਿਆ ਸੀ, ਹੁਣ ਫੈਸਲਾਕੁੰਨ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ।

ਜਿਕਰਯੋਗ ਹੈ ਕਿ ਪਾਕਿਸਤਾਨ ਨੇ ਜਨਵਰੀ 2017 ਤੋਂ ਵਨਡੇ ‘ਚ ਆਸਟਰੇਲੀਆ ਨੂੰ ਘਰੇਲੂ ਮੈਦਾਨ ‘ਚ ਹਰਾਇਆ ਹੈ। ਪਾਕਿਸਤਾਨ ਨੇ ਇਸ ਤੋਂ ਪਹਿਲਾਂ 15 ਜਨਵਰੀ 2017 ਨੂੰ ਮੈਲਬੋਰਨ ਵਨਡੇ ਵਿੱਚ ਕੰਗਾਰੂਆਂ ਨੂੰ ਹਰਾਇਆ ਸੀ।

ਪਾਕਿਸਤਾਨ ਟੀਮ ਨੇ ਹੁਣ 93 ਮਹੀਨਿਆਂ ਬਾਅਦ ਆਸਟਰੇਲੀਆ ਨੂੰ ਹਰਾਇਆ ਹੈ। ਪਿਛਲੇ ਸਾਲ ਵਨਡੇ ਵਿਸ਼ਵ ਕੱਪ ‘ਚ ਪਹਿਲੇ ਦੌਰ ‘ਚੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨੀ ਟੀਮ ਦੀ ਇਹ ਪਹਿਲੀ ਦੁਵੱਲੀ ਵਨਡੇ ਸੀਰੀਜ਼ ਹੈ ਅਤੇ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਪਹਿਲੇ ਵਨਡੇ ‘ਚ ਪਾਕਿਸਤਾਨੀ ਟੀਮ ਨੇ ਕੰਗਾਰੂਆਂ ਨੂੰ ਸਖਤ ਟੱਕਰ ਦਿੱਤੀ ਸੀ। ਹਾਲਾਂਕਿ ਆਸਟ੍ਰੇਲੀਆ ਦੋ ਵਿਕਟਾਂ ਨਾਲ ਜਿੱਤਣ ‘ਚ ਕਾਮਯਾਬ ਰਿਹਾ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ। ਸਟੀਵ ਸਮਿਥ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਮੈਥਿਊ ਸ਼ਾਰਟ 19 ਦੌੜਾਂ, ਜੇਕ ਫਰੇਜ਼ਰ ਮੈਕਗਰਕ 13 ਦੌੜਾਂ, ਜੋਸ਼ ਇੰਗਲਿਸ 18 ਦੌੜਾਂ, ਮਾਰਨਸ ਲੈਬੂਸ਼ੇਨ 6 ਦੌੜਾਂ, ਐਰੋਨ ਹਾਰਡੀ 14 ਦੌੜਾਂ, ਗਲੇਨ ਮੈਕਸਵੈੱਲ 16 ਦੌੜਾਂ ਅਤੇ ਕਪਤਾਨ ਪੈਟ ਕਮਿੰਸ 13 ਦੌੜਾਂ ਬਣਾ ਕੇ ਆਊਟ ਹੋਏ |

ਪਾਕਿਸਤਾਨ ਵੱਲੋਂ ਹੈਰਿਸ ਰਾਊਫ ਨੇ ਪੰਜ ਵਿਕਟਾਂ ਲਈਆਂ ਜਦਕਿ ਸ਼ਾਹੀਨ ਅਫਰੀਦੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਸੀਮ ਸ਼ਾਹ ਅਤੇ ਮੁਹੰਮਦ ਹਸਨੈਨ ਨੂੰ ਇਕ-ਇਕ ਵਿਕਟ ਮਿਲੀ | 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਚੰਗੀ ਰਹੀ। ਸੈਮ ਅਯੂਬ ਅਤੇ ਅਬਦੁੱਲਾ ਸ਼ਫੀਕ ਨੇ ਪਹਿਲੀ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਕੀਤੀ। ਅਯੂਬ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜਿਆ। ਉਹ 71 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 82 ਦੌੜਾਂ ਬਣਾ ਕੇ ਆਊਟ ਹੋ ਗਿਆ। ਸੀਰੀਜ਼ ਦਾ ਫੈਸਲਾਕੁੰਨ ਮੈਚ 10 ਨਵੰਬਰ ਨੂੰ ਪਰਥ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ (PAK vs AUS)  ‘ਚ ਆਹਮੋ-ਸਾਹਮਣੇ ਹੋਣਗੀਆਂ।

Scroll to Top