ਆਨਲਾਈਨ NRI ਮੀਟਿੰਗਾਂ ‘ਚ ਪ੍ਰਵਾਸੀ ਭਾਰਤੀਆਂ ਦੀਆਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ: ਕੁਲਦੀਪ ਸਿੰਘ ਧਾਲੀਵਾਲ

ਅੰਮ੍ਰਿਤਸਰ 1 ਜੂਨ, 2025: ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (kuldeep singh dhaliwal) ਨੇ ਦੱਸਿਆ ਹੈ ਕਿ ਹੁਣ ਤੱਕ ਹੋਈਆਂ ਆਨਲਾਈਨ ਐਨਆਰਆਈ ਮੀਟਿੰਗਾਂ ਰਾਹੀਂ ਪ੍ਰਵਾਸੀ ਭਾਰਤੀਆਂ ਦੀਆਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਅੰਮ੍ਰਿਤਸਰ ਵਿੱਚ 6ਵੀਂ ਮਾਸਿਕ ਔਨਲਾਈਨ (online) ਐਨਆਰਆਈ ਮੀਟਿੰਗ ਹੋਈ।

ਮੀਟਿੰਗ ਬਾਰੇ ਬੋਲਦਿਆਂ ਧਾਲੀਵਾਲ ਨੇ ਦੱਸਿਆ ਕਿ ਦੁਨੀਆ ਭਰ ਦੇ ਪ੍ਰਵਾਸੀ ਪੰਜਾਬੀਆਂ ਤੋਂ ਵੱਖ-ਵੱਖ ਮਾਧਿਅਮਾਂ ਰਾਹੀਂ ਕੁੱਲ 123 ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਮਹੀਨੇ ਨਿਯਮਿਤ ਤੌਰ ‘ਤੇ ਇਹ ਔਨਲਾਈਨ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਜੂਨ ਵਿੱਚ ਅਗਲੀ ਮੀਟਿੰਗ ਤੋਂ ਪਹਿਲਾਂ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਛੇ ਮਹੀਨਿਆਂ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਕੁੱਲ 658 ਮਾਮਲੇ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 51 ਮਾਮਲੇ ਅਦਾਲਤੀ ਕਾਰਵਾਈ ਕਾਰਨ ਲੰਬਿਤ ਹਨ, ਜਦੋਂ ਕਿ ਬਾਕੀ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਧਾਲੀਵਾਲ ਨੇ ਸਾਰੇ ਐਨ.ਆਰ.ਆਈ. ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਹੋਣ ਵਾਲੀਆਂ ਇਨ੍ਹਾਂ ਔਨਲਾਈਨ ਐਨ.ਆਰ.ਆਈ. ਮੀਟਿੰਗਾਂ ਵਿੱਚ ਹਿੱਸਾ ਲੈ ਕੇ ਆਪਣੀਆਂ ਸਮੱਸਿਆਵਾਂ ਉਠਾਉਣ ਲਈ ਬੇਝਿਜਕ ਮਹਿਸੂਸ ਕਰਨ। ਉਨ੍ਹਾਂ ਦੁਹਰਾਇਆ ਕਿ ਉਹ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਉਨ੍ਹਾਂ ਲਈ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ।

ਇਸ ਛੇਵੀਂ ਐਨ.ਆਰ.ਆਈ. ਔਨਲਾਈਨ ਮੀਟਿੰਗ (online meeting) ਦੌਰਾਨ, ਡੀ.ਆਈ.ਜੀ. ਐਨ.ਆਰ.ਆਈ. ਮਾਮਲੇ ਰਾਜਪਾਲ ਸਿੰਘ ਸੰਧੂ, ਏ.ਆਈ.ਜੀ. ਜਗਜੀਤ ਸਿੰਘ ਵਾਲੀਆ, ਏ.ਆਈ.ਜੀ. ਐਨ.ਆਰ.ਆਈ. ਵਿੰਗ ਪੰਜਾਬ ਪੁਲਿਸ ਅਜਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Read More: ਪੰਜਾਬ ਸਰਕਾਰ ਵੱਲੋਂ ਔਨਲਾਈਨ NRI ਮੀਟਿੰਗ, ਸਰਕਾਰ ਨੇ ਚੁੱਕਿਆ ਅਹਿਮ ਕਦਮ

 

Scroll to Top