June 28, 2024 12:37 pm
Election campaign

ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀਆਂ, ਰਿਸ਼ੇਤਦਾਰਾਂ ਤੇ ਸਮੱਰਥਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ ਜਾਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਮਈ 2024: ਆਸ਼ਿਕਾ ਜੈਨ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲੋਕ ਸਭਾ ਚੋਣਾਂ-2024 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ (Election campaign) ਲਈ ਆਏ ਬਾਹਰਲੇ ਵਿਅਕਤੀਆਂ, ਰਿਸ਼ੇਤਾਦਾਰਾਂ ਅਤੇ ਸਮੱਰਥਕਾਂ (ਜੇਕਰ ਉਹ ਇਸ ਜ਼ਿਲ੍ਹੇ ਦੇ ਵੋਟਰ ਨਹੀਂ ਹਨ) ਲਈ ਮਿਤੀ 30-05-2024 ਨੂੰ ਸ਼ਾਮ 06-00 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਬਾਹਰ ਚਲੇ ਜਾਣ ਦੇ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਲੋਕ ਸਭਾ ਚੋਣਾਂ-2024 ਮਿਤੀ 01-06-2024 ਨੂੰ ਪੰਜਾਬ ਰਾਜ ਵਿੱਚ ਹੋਣੀਆਂ ਨਿਯਤ ਹੋਈਆਂ ਹਨ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਵਿੱਚ ਕੀਤੀ ਗਈ ਵਿਵਸਥਾ ਅਨੁਸਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਸਮੱਰਥਕ, ਰਿਸ਼ਤੇਦਾਰ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀ ਜੋ ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਹਨ, ਉਨ੍ਹਾਂ ਨੂੰ ਮਿਤੀ 30-05-2024 ਨੂੰ ਸ਼ਾਮ 06-00 ਵਜੇ ਤੋਂ ਚੋਣ ਪ੍ਰਚਾਰ/ਮੁਹਿੰਮ ਖਤਮ ਹੋਣ ਤੇ ਆਪਣੇ ਉਮੀਦਵਾਰ ਦਾ ਹਲਕਾ ਛੱਡਣ ਲਈ ਕਿਹਾ ਹੈ।

ਅਜਿਹੇ ਵਿਅਕਤੀਆਂ ਵੱਲੋਂ ਉਮੀਦਵਾਰਾਂ ਦੇ ਹਲਕਿਆਂ ਵਿੱਚ ਵੋਟਾਂ ਪੈਣ ਸਮੇਂ ਹਾਜ਼ਰ ਰਹਿਣ ਨਾਲ ਅਮਨ ਪੂਰਵਕ ਅਤੇ ਸਹੀ ਤਰੀਕੇ ਨਾਲ ਚੱਲ ਰਹੀ ਵੋਟ ਪ੍ਰਕੀਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹੇ ਵਿੱਚੋਂ ਉਮੀਦਵਾਰਾ ਦੇ ਰਿਸ਼ਤੇਦਾਰਾਂ ਅਤੇ ਸਮੱਰਥਕਾਂ ਦਾ ਬਾਹਰ ਜਾਣਾ ਜ਼ਰੂਰੀ ਹੋ ਗਿਆ ਹੈ, ਜੇ ਉਹ ਇਸ ਜ਼ਿਲ੍ਹੇ ਦੇ ਵੋਟਰ ਨਹੀਂ ਹਨ। ਹਲਾਤ ਦੀ ਤਤਪਰਤਾ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਦੇ ਨਾਮ ਤੇ ਇਕ ਤਰਫਾ ਹੁਕਮ ਪਾਸ ਕੀਤਾ ਜਾਂਦਾ ਹੈ ।

ਇਹ ਹੁਕਮ ਸਿਵਲ ਪ੍ਰਸੋਨਲ, ਆਰਮੀ ਪ੍ਰਸੋਨਲ, ਪੈਰ੍ਹਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮਿਤੀ 11 ਅਕਤੂਬਰ 2011 ਵਿਚ ਦਰਸਾਏ ਅਨੁਸਾਰ ਇਹ ਹੁਕਮ ਚੋਣ ਹਲਕੇ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕਾਂ ਤੇ ਲਾਗੂ ਨਹੀਂ ਹੋਵੇਗਾ ਪਰੰਤੂ ਇਹ ਕੋਈ ਚੋਣ ਪ੍ਰਚਾਰ (Election campaign) ਨਹੀਂ ਕਰਨਗੇ ਅਤੇ ਆਪਣੇ ਹੀ ਹਲਕੇ ਵਿਚ ਰਹਿਣਗੇ।

ਇਹ ਹੁਕਮ ਮਿਤੀ 30-05-2024 ਨੂੰ ਸ਼ਾਮ 06-00 ਵਜੇ ਤੋਂ ਮਿਤੀ 01-06-2024 ਨੂੰ ਸ਼ਾਮ 06-00 ਵਜੇ ਤੱਕ ਜ਼ਿਲ੍ਹੇ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਜ਼ਿਲ੍ਹਾ ਪੁਲਿਸ ਮੁੱਖੀ ਆਪਣੇ ਅਧੀਨ ਪੈਂਦੇ ਥਾਣਿਆਂ ਦੇ ਮੁਖੀਆਂ ਰਾਹੀਂ ਕਲਿਆਣ ਮੰਡਪ/ਕਮਿਊਨਟੀ ਹਾਲ/ਹੋਟਲ/ਲਾਜ/ਰੈਸਟੋਰੈਂਟਾਂ ਆਦਿ ਦੀ ਚੈਕਿੰਗ ਕਰਵਾ ਕੇ ਇਹ ਵੇਖਣਗੇ ਕਿ ਇਨ੍ਹਾਂ ਵਿੱਚ ਬਾਹਰਲੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕੀਤੀ ਗਈ ਅਤੇ ਬਾਹਰਲੇ ਵਿਅਕਤੀਆਂ, ਜੋ ਇਸ ਹਲਕੇ ਦੇ ਵੋਟਰ ਨਹੀਂ ਹਨ, ਦੀ ਸ਼ਨਾਖਤ ਕਰਕੇ ਉਨ੍ਹਾਂ ਦੀਆਂ ਸੂਚੀਆਂ ਬਨਾਉਣਗੇ।