ਸਵਿਫਟ ਕਾਰ

ਬੇਕਾਬੂ ਹੋਈ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾਈ, ਹਾਦਸੇ ‘ਚ ਦੋ ਜਣਿਆਂ ਦੀ ਮੌਤ

ਸੁਲਤਾਨਪੁਰ ਲੋਧੀ, 04 ਅਪ੍ਰੈਲ 2023: ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਰੋਡ ‘ਤੇ ਮੋੜ ਨੇੜੇ ਇੱਕ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਕਾਰ ‘ਚ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ), ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ।

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੱਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਘਟਨਾ ਸਥਾਨ ਤੇ ਪੁੱਜੇ ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਲਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੋਗਾ ਸਿੰਘ ਪੁੱਤਰ ਚਰਨ ਸਿੰਘ ਅਤੇ ਇੱਕ ਉਨ੍ਹਾਂ ਦੇ ਪਿੰਡ ਦਾ ਵਸਨੀਕ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਅੱਜ ਤੜਕੇ 4 ਵਜੇ ਦੇ ਕਰੀਬ ਆਪਣੀ ਸਵਿਫਟ ਕਾਰ ਨੰਬਰ ਪੀਬੀ 05 ਏ ਕਿਉ 2254 ਤੇ ਸਵਾਰ ਹੋ ਕੇ ਕਪੂਰਥਲਾ ਵਾਲੇ ਪਾਸਿਓਂ ਮਲਸੀਆਂ ਨੂੰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜਿਉਂ ਹੀ ਉਹ ਡਡਵਿੰਡੀ ਰੋਡ ਤੇ ਤਾਸ਼ਪੁਰ ਮੋੜ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ।ਉਨ੍ਹਾਂ ਨੇ ਸ਼ੱਕ ਜਹਿਰ ਕੀਤਾ ਕਿ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦਰੱਖਤ ਨਾਲ ਟਕਰਾ ਗਈ।

Scroll to Top