ਚੰਡੀਗੜ੍ਹ, 11 ਮਾਰਚ 2024: 96ਵੇਂ ਆਸਕਰ ਪੁਰਸਕਾਰਾਂ (Oscar 2024) ਦਾ ਐਲਾਨ ਅੱਜ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਕੀਤਾ ਗਿਆ ਹੈ। ਓਪੇਨਹਾਈਮਰ ਨੇ ਸਮਾਗਮ ਵਿੱਚ ਸਰਵੋਤਮ ਫਿਲਮ ਸਮੇਤ ਕੁੱਲ ਸੱਤ ਪੁਰਸਕਾਰ ਜਿੱਤੇ ਹਨ। ਕਿਲੀਅਨ ਮਰਫੀ ਸਰਵੋਤਮ ਅਦਾਕਾਰ ਬਣੇ, ਕ੍ਰਿਸਟੋਫਰ ਨੋਲਨ ਸਰਵੋਤਮ ਨਿਰਦੇਸ਼ਕ ਬਣੇ।
ਰਾਬਰਟ ਡਾਊਨੀ ਜੂਨੀਅਰ ਨੂੰ ਇਸ ਫਿਲਮ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਆਸਕਰ ਹੈ। ਓਪੇਨਹਾਈਮਰ ਨੇ ਸਰਵੋਤਮ ਫਿਲਮ ਸੰਪਾਦਨ, ਸਰਬੋਤਮ ਮੂਲ ਸਕੋਰ ਅਤੇ ਸਰਬੋਤਮ ਸਿਨੇਮੈਟੋਗ੍ਰਾਫੀ ਸ਼੍ਰੇਣੀਆਂ ਵਿੱਚ ਵੀ ਪੁਰਸਕਾਰ ਜਿੱਤੇ ਹਨ। ਫਿਲਮ ਨੂੰ ਕੁੱਲ 13 ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਫਿਲਮ ਪੂਅਰ ਥਿੰਗਜ਼ ਨੇ ਚਾਰ ਸ਼੍ਰੇਣੀਆਂ ਵਿੱਚ ਆਸਕਰ ਜਿੱਤੇ। ਫਿਲਮ ਦੀ ਮੁੱਖ ਅਦਾਕਾਰਾ ਐਮਾ ਸਟੋਨ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਐਮਾ ਦਾ ਇਹ ਦੂਜਾ ਆਸਕਰ ਪੁਰਸਕਾਰ ਹੈ। ਇਸ ਤੋਂ ਪਹਿਲਾਂ 2016 ‘ਚ ਉਸ ਨੇ ਫਿਲਮ ‘ਲਾ ਲਾ ਲੈਂਡ’ ਲਈ ਸਰਵੋਤਮ ਅਦਾਕਾਰਾ ਦਾ ਆਸਕਰ ਜਿੱਤਿਆ ਸੀ।
ਸਰਵੋਤਮ ਅਭਿਨੇਤਰੀ ਤੋਂ ਇਲਾਵਾ, ਪੂਅਰ ਥਿੰਗਜ਼ ਨੇ ਸਰਵੋਤਮ ਕਾਸਟਿਊਮ ਡਿਜ਼ਾਈਨ, ਪ੍ਰੋਡਕਸ਼ਨ ਡਿਜ਼ਾਈਨ ਅਤੇ ਮੇਕਅਪ ਅਤੇ ਹੇਅਰ ਸਟਾਈਲਿੰਗ ਵਰਗਾਂ ਵਿੱਚ ਆਸਕਰ (Oscar 2024) ਵੀ ਪ੍ਰਾਪਤ ਕੀਤੇ।
ਫਿਲਮ ਬਾਰਬੀ ਨੂੰ ਸਿਰਫ ਇੱਕ ਆਸਕਰ ਮਿਲਿਆ ਹੈ। ਇਹ ਗੀਤ ‘ਵੱਟ ਵਾਸ ਆਈ ਮੈਡ ਫ਼ਾਰ ?’ (What Was I Made For ? ) ਸੀ | ਬਿਲੀ ਆਈਲਿਸ਼ ਅਤੇ ਫਿਨਿਆਸ ਓ’ਕੌਨੇਲ ਨੇ ਸਰਬੋਤਮ ਮੂਲ ਗੀਤ ਲਈ ਆਸਕਰ ਜਿੱਤਿਆ। ਫਿਲਮ ਨੂੰ 8 ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਮਿਲੀਆਂ ਹਨ।
ਆਸਕਰ ਸਮਾਗਮ ਵਿੱਚ ਦੁਨੀਆ ਭਰ ਦੀਆਂ ਫਿਲਮਾਂ ਦੇ ਸਭ ਤੋਂ ਵਧੀਆ ਸਟੰਟ ਦ੍ਰਿਸ਼ਾਂ ਦੀ ਵਿਸ਼ੇਸ਼ਤਾ ਵਾਲੀ ਇੱਕ ਸੰਪਾਦਿਤ ਕਲਿੱਪ ਦਿਖਾਈ ਗਈ ਸੀ, ਜਿਸ ਵਿੱਚ ਆਰ.ਆਰ.ਆਰ ਦਾ ਇੱਕ ਐਕਸ਼ਨ ਸੀਨ ਦਿਖਾਇਆ ਗਿਆ ਸੀ।
ਇਸ ਤੋਂ ਇਲਾਵਾ ‘ਨਾਟੂ-ਨਾਟੂ’ ਗੀਤ ਨੂੰ ਦੋ ਵਾਰ ਪਰਦੇ ‘ਤੇ ਦਿਖਾਇਆ ਗਿਆ। ਆਸਕਰ ਐਵਾਰਡ ਸਮਾਗਮ ਵਿੱਚ ਭਾਰਤੀ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਹ ਨੇ 2 ਅਗਸਤ, 2023 ਨੂੰ ਕਰਜਤ (ਮਹਾਰਾਸ਼ਟਰ) ਵਿੱਚ ਆਪਣੇ ਸਟੂਡੀਓ ਵਿੱਚ ਫਾਹਾ ਲੈ ਲਿਆ ਸੀ । ਨਿਤਿਨ ਨੇ ਲਗਾਨ ਅਤੇ ਹਮ ਦਿਲ ਦੇ ਚੁਕੇ ਸਨਮ ਵਰਗੀਆਂ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ ਸਨ।