Kitchen Gardening

Organic Kitchen Gardening in Punjab: ਆਰਗੈਨਿਕ ਕਿਚਨ ਗਾਰਡਨਿੰਗ ਲਈ ਅਹਿਮ ਗੱਲਾਂ, ਜੋ ਜਾਨਣੀਆਂ ਜਰੂਰੀ

Organic Kitchen Gardening in Punjab: ਅਕਸਰ ਤੁਸੀਂ “ਕਿਚਨ ਗਾਰਡਨ” ਦਾ ਨਾਮ ਨੂੰ ਸੁਣਿਆ ਹੋਵੇਗਾ ਅਤੇ ਸੋਸ਼ਲ ਮੀਡੀਆ ਉੱਤੇ ਤੁਸੀਂ ਇਸ ਬਾਰੇ ਵੀਡੀਓ ਦੇਖੀਆਂ ਵੀ ਹੋਣਗੀਆਂ ਅਤੇ ਕਦੇ ਤੁਹਾਡੇ ਅੰਦਰ ਇਹ ਖਿਆਲ ਵੀ ਆਇਆ ਹੋਵੇਗਾ ਕਿ ਕਾਸ਼ ਮੇਰੇ ਘਰ ਵੀ ਐਵੇਂ ਦਾ “ਕਿਚਨ ਗਾਰਡਨ” ਹੋਵੇ | ਜਿਸ ‘ਚ ਤਾਜ਼ੀਆਂ ਅਤੇ ਬਿਨਾਂ ਕੀਟ ਨਾਸ਼ਕ ਦੀ ਵਰਤੋਂ ਵਾਲੀਆਂ ਸਬਜ਼ੀਆਂ ਉੱਗਦੀਆਂ ਹੋਣ ਪਰ ਇਹ ਵਿਚਾਰ ਅਕਸਰ ਆ ਕੇ ਚਲਾ ਵੀ ਜਾਂਦਾ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਮੁਸ਼ਕਿਲ ਹੈ ਅਤੇ ਬਹੁਤ ਪੈਸਾ ਵੀ ਖਰਚ ਹੋਣ ਵਾਲਾ ਹੈ ਅਤੇ ਨਾ ਹੀ ਸਾਡੇ ਕੋਲ ਐਨੀ ਜਗ੍ਹਾ ਹੈ।

ਪਰ ਜੇਕਰ ਬਹੁਤ ਘੱਟ ਖਰਚੇ ਉੱਤੇ ਅਤੇ ਘੱਟ ਸਮੇਂ ਤੇ ਘੱਟ ਜਗ੍ਹਾ ਤੇ ਵੀ ਤੁਸੀਂ ਕਿਚਨ ਗਾਰਡਨ ਬਣਾ ਸਕਦੇ ਹੋ ਤਾਂ ਤੁਸੀਂ ਯਕੀਨ ਨਹੀਂ ਕਰੋਗੇ। ਤੁਸੀਂ ਘਰ ‘ਚ ਆਪਣੇ ਵੇਹੜੇ ਜਾਂ ਫਿਰ ਛੱਤ ‘ਤੇ ਵੀ ਸਬਜ਼ੀਆਂ ਅਤੇ ਫਲਾਂ ਦੇ ਪੌਦੇ ਲਗਾ ਸਕਦੇ ਹੋ । ਇਨਾਂ ਲਈ ਜਿਆਦਾ ਦੇਖ-ਰੇਖ ਦੀ ਵੀ ਜਰੂਰਤ ਨਹੀਂ ਪੈਂਦੀ।

ਕਿਚਨ ਗਾਰਡਨ ‘ਚ ਕਿਹੜੀਆਂ ਸਬਜ਼ੀਆਂ ਬੀਜੀਆਂ ਜਾ ਸਕਦੀਆਂ ਹਨ ? (Which Vegetables can be Planted in a Kitchen Garden?)

ਇਨ੍ਹਾਂ ‘ਚ ਪਾਲਕ ਮੇਥੀ, ਸਰੋਂ, ਟਮਾਟਰ, ਮਿਰਚਾਂ, ਪੁਦੀਨਾ, ਕੜੀ-ਪੱਤਾ, ਬੈਂਗਨ, ਧਨੀਆ ,ਨਿੰਬੂ, ਅਮਰੂਦ ਐਵੇਂ ਦੇ ਹਨ ਜੋ ਤੁਸੀਂ ਆਪਣੇ ਘਰ ‘ਚ ਉਗਾ ਸਕਦੇ ਹੋ। ਇਸ ਲਈ ਕਿਸੇ ਮਾਹਰ ਜਾਂ ਫਿਰ ਸਿਖਲਾਈ ਦੀ ਵੀ ਜਰੂਰਤ ਨਹੀਂ ਹੁੰਦੀ ।

ਜੇਕਰ ਛੱਤ ਉੱਪਰ ਤੁਸੀਂ ਕਿਚਨ ਗਾਰਡਨ (Kitchen Garden) ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਗਰੋ-ਬੈਗ (ਜੋਂ ਕਿ ਪਲਾਸਟਿਕ ਦੇ ਥੈਲੇ ਵਰਗੇ ਹੁੰਦੇ ਹਨ ) ਮੰਗਵਾਓ। ਜੋ ਕੇ ਅਲੱਗ-ਅਲੱਗ ਸਾਈਜ਼ ਦੇ ਆਉਂਦੇ ਹਨ ਅਤੇ ਸ਼ੁਰੂਆਤ ਕਰਨ ਲਈ ਵਧੀਆ ਹਨ। ਗਰੋ-ਬੈਗ ਆਸਾਨੀ ਨਾਲ ਨਰਸਰੀ ਜਾਂ ਫੇਰ ਆਨ -ਲਾਈਨ ਵੈੱਬਸਾਈਟ ਤੋਂ ਮੰਗਵਾ ਸਕਦੇ ਹੋ। ਗਰੋ-ਬੈਗ ਹਲਕੇ ਹੁੰਦੇ ਹਨ ਅਤੇ ਮੌਸਮ ਦੀ ਗਰਮੀ -ਸਰਦੀ ਨਾਲ ਵੀ ਜਲਦੀ ਖਰਾਬ ਨਹੀਂ ਹੁੰਦੇ ਅਤੇ ਇਨਾਂ ਦੀ ਉਮਰ ਵੀ ਪੰਜ ਤੋਂ ਸੱਤ ਸਾਲ ਹੁੰਦੀ ਹੈ ।

ਇਨਾ ‘ਚ ਤੁਸੀਂ ਪਾਲਕ, ਸਰੋਂ ,ਮੂਲੀ ,ਮੇਥੀ, ਮਿਰਚਾਂ, ਪੁਦੀਨਾ ,ਸ਼ਿਮਲਾ ਮਿਰਚ, ਟਮਾਟਰ ,ਭਿੰਡੀ, ਲਸਣ ,ਪਿਆਜ, ਕਰੇਲੇ ਆਦੀ ਆਸਾਨੀ ਨਾਲ ਉਗਾ ਸਕਦੇ ਹੋ। ਇਨ੍ਹਾਂ ‘ਚ ਵਾਧੂ ਪਾਣੀ ਦੇ ਨਿਕਾਸ ਲਈ ਨੀਚੇ ਗਲੀਆਂ ਵੀ ਹੁੰਦੀਆਂ ਹਨ। ਇਹਨਾਂ ‘ਚ ਮਿੱਟੀ ਭਰਨ ਲਈ ਤੁਸੀਂ ਮਿੱਟੀ ‘ਚ ਕੋਕੋ-ਪੀਟ, ਰੂੜੀ ਵਾਲੀ ਖਾਦ, ਰੇਤਾ, ਨਿਮ ਦੀ ਖੱਲ ਮਿਲਾ ਕੇ ਗਰੋ-ਬੈਗ ਨੂੰ ਭਰਨਾ ਚਾਹੀਦਾ ਹੈ।

ਇਸ ਨਾਲ ਮਿੱਟੀ ਹਲਕੀ ਅਤੇ ਹਵਾਦਾਰ ਹੁੰਦੀ ਹੈ ਅਤੇ ਉਪਜਾਊ ਸ਼ਕਤੀ ਵਧਦੀ ਹੈ।ਸਬਜ਼ੀਆਂ ਦੇ ਬੀਜ ਤੁਸੀਂ ਆਨ-ਲਾਈਨ ਜਾਂ ਫੇਰ ਨਜਦੀਕ ਦੀ ਕਿਸੇ ਵੀ ਬੀਜ ਵਾਲੀ ਦੁਕਾਨ ਤੋਂ ਤੁਹਾਨੂੰ ਸਬਜੀਆਂ, ਫੁੱਲਾਂ ਦੇ ਬੀਜ ਜਾ ਪਨੀਰੀ ਆਸਾਨੀ ਨਾਲ ਮਿਲ ਸਕਦੀ ਹੈ ।

ਕਿਚਨ ਗਾਰਡਨ ‘ਚ ਫਲਾਂ ਤੇ ਫੁੱਲਾਂ ਦੀ ਸਾਂਭ-ਸੰਭਾਲ (Maintenance of kitchen garden)

ਅੱਜ ਕੱਲ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਵੇਂ ਦੇ ਅਨੇਕਾਂ ਪੇਜ ਬਣੇ ਹੋਏ ਹਨ ਜੋ ਕੇ ਕਿਚਨ ਗਾਰਡਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਨ ਕਿ ਕਿਸ ਮੌਸਮ ‘ਚ ਕਿਹੜੀ ਸ਼ਬਜੀ ਜਾਂ ਫੁੱਲ ਤੇ ਫ਼ਲ ਲਗਾਉਣੇ ਹਨ ਤੇ ਕਿਵੇਂ ਓਹਨਾ ਦੀ ਦੇਖ ਭਾਲ ਕਰਨੀ ਹੈ। ਤੁਸੀਂ ਉਹਨਾਂ ਤੋਂ ਆਪਣੇ ਪ੍ਰਸ਼ਨ ਪੁੱਛ ਕੇ ਆਪਣੀ ਸਮੱਸਿਆ ਦਾ ਹੱਲ ਵੀ ਕਰ ਸਕਦੇ ਹੋ। ਸਿਰਫ ਇੱਕ ਵਾਰ ਇਸ ਦੀ ਸ਼ੁਰੂਆਤ ਕਰਨ ਲਈ ਮਨ ਬਣਾਉਣਾ ਪੈਂਦਾ ਹੈ ਅਤੇ ਥੋੜਾ ਖਰਚ ਕਰਨਾ ਪੈਂਦਾ ਹੈ।

Garden

ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਮੈਂ ਆਪਣੇ ਘਰ ਦੀ ਛੱਤ ਉੱਤੇ ਅੱਜ ਤੋਂ ਤਿੰਨ ਸਾਲ ਪਹਿਲਾਂ ਗਾਰਡਨਿੰਗ (Kitchen Gardening) ਦੀ ਸ਼ੁਰੂਆਤ ਸਿਰਫ ਚਾਰ ਗਮਲਿਆਂ ਤੋਂ ਕੀਤੀ ਸੀ ਅਤੇ ਅੱਜ ਮੇਰੇ ਕੋਲ ਸਵਾ ਦੋ ਸੋ ਦੇ ਕਰੀਬ ਗਮਲੇ ਅਤੇ ਗਰੋ ਬੈਗ ਹਨ, ਜਿੰਨਾ ‘ਚ ਮੌਸਮ ਅਨੁਸਾਰ ਮੈਂ ਸਬਜ਼ੀਆਂ ਅਤੇ ਫਲ ਉਗਾਉਂਦਾ ਹਾਂ। ਜਦੋਂ ਤੁਸੀਂ ਕੋਈ ਬੀਜ ਬੀਜਦੇ ਹੋ ਅਤੇ ਉਸ ਨੂੰ ਪੌਦੇ ਵਿੱਚ ਬਦਲਦਾ ਦੇਖੋ ,ਫਿਰ ਉਸ ਉੱਤੇ ਫੁੱਲ ਅਤੇ ਫਲ ਲੱਗਦੇ ਦੇਖਣਾ, ਉਸ ਨੂੰ ਸਮੇਂ ਸਮੇਂ ਤੇ ਖਾਦ ਪਾਣੀ ਦਿੰਦੇ ਹੋ ਤਾਂ ਇਹ ਸਾਰਾ ਸਮਾਂ ਸਕੂਨ ਦੇਣ ਵਾਲਾ ਅਤੇ ਕਾਫੀ ਹੱਦ ਤੱਕ ਤੁਸੀਂ ਤਣਾਅ ਤੋ ਵੀ ਦੂਰ ਰਹੋਂਗੇ ਅਤੇ ਕੁਦਰਤ ਦੇ ਕਰੀਬ ਵੀ ਰਹੋਂਗੇ।

ਜੇਕਰ ਤੁਸੀਂ ਬਾਗਬਾਨੀ ਕਰਦੇ ਹੋ ਤਾਂ ਬੱਚੇ ਨਾ ਚਾਹੁੰਦੇ ਹੋਏ ਵੀ ਆਪਣਾ ਲਗਾਵ ਬਾਗਵਾਨੀ ਨਾਲ ਬਣਾ ਲੈਂਦੇ ਹਨ ਅਤੇ ਉਹਨਾਂ ਨੂੰ ਸਬਜੀਆਂ ਅਤੇ ਫਲਾਂ ਦੇ ਪੌਦਿਆਂ ਦੀ ਪਛਾਣ ਵੀ ਹੋ ਜਾਂਦੀ ਹੈ । ਤੁਸੀਂ ਆਪਣੇ ਘਰ ‘ਚ ਪੁਰਾਣੇ ਟੱਬ ,ਬਾਲਟੀ, ਟਰੇਆਂ, ਤਸਲੇ, ਪੇਂਟ ਦੇ ਖਾਲੀ ਡੱਬੇ, ਘੀ ਵਾਲੇ ਪੀਪੇ ਆਦਿ ‘ਚ ਵੀ ਉਹਨਾਂ ਹੇਠਾਂ ਗਲੀਆਂ ਕਰ ਕੇ ਮਿੱਟੀ ਦਾ ਮਿਸ਼ਰਣ ਭਰ ਕੇ ਸਬਜ਼ੀਆਂ ਉਗਾ ਸਕਦੇ ਹੋ । ਹਰ ਘਰ ‘ਚ ਇਹਨਾਂ ‘ਚੋਂ ਕੁਝ ਨਾ ਕੁਝ ਸਮਾਨ ਜਰੂਰ ਪਿਆ ਹੁੰਦਾ ਹੈ।

ਕੀਟਨਾਸ਼ਕ ਜਾਂ ਯੂਰੀਆ ਦ ਵਰਤੋਂ (Use of pesticides or urea For Kitchen Gardening)

ਕਿਸਾਨ ਵੱਡੇ ਪੱਧਰ ਉੱਤੇ ਸਬਜ਼ੀਆਂ ਅਤੇ ਫਲ ਲਗਾਉਂਦੇ ਹਨ, ਇਸ ਲਈ ਉਹਨਾਂ ਨੂੰ ਕੀਟ ਨਾਸ਼ਕ ਜਾਂ ਫਿਰ ਯੂਰੀਆ ਆਦਿ ਪਾਉਣੇ ਪੈਂਦੇ ਹਨ ਕਿਉਕਿ ਜੇਕਰ ਕੀਟ ਨਾਸ਼ਕ ਦਾ ਉਹ ਇਸਤੇਮਾਲ ਨਾ ਕਰਨ ਤਾਂ ਸਬਜ਼ੀਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ, ਪਰ ਜੇਕਰ ਅਸੀਂ ਆਪਣੇ ਘਰ ‘ਚ ਥੋੜੀ-ਥੋੜੀ ਮਾਤਰਾ ‘ਚ ਸਬਜ਼ੀਆਂ ਜਾਂ ਫੇਰ ਫਲਦਾਰ ਪੌਦੇ ਲਗਾਉਂਦੇ ਹਾਂ ਤਾਂ ਉਨਾਂ ‘ਚ ਬਿਮਾਰੀਆਂ ਹੋਣ ਦੀ ਘੱਟ ਸੰਭਾਵਨਾ ਹੁੰਦੀ ਹੈ ਅਤੇ ਅਸੀਂ ਅਤੇ ਸਾਡਾ ਪਰਿਵਾਰ ਇਹਨਾਂ ਜ਼ਹਿਰੀਲੇ ਕੀਟ ਨਾਸ਼ਕਾਂ ਤੋਂ ਵੀ ਬੱਚ ਸਕਦੇ ਹਾਂ ।

ਹਰ ਰੋਜ ਸਾਡੀ ਰਸੋਈ’ਚ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਬਚਦੇ ਹੀ ਹਨ ਇਹਨਾਂ ਨੂੰ ਇਕੱਠਾ ਕਿਸੇ ਬਾਲਟੀ ‘ਚ ਕਰਦੇ ਜਾਓ ਅਤੇ ਢੱਕ ਕੇ ਰੱਖੋ ਅਤੇ ਮਹੀਨੇ ਬਾਅਦ ਇਹੀ ਛਿਲਕੇ ਔਰਗੈਨਿਕ ਖਾਦ ਬਣ ਜਾਂਦੀ ਹੈ ਜਿਸ ਨੂੰ ਤੁਸੀਂ ਆਪਣੇ ਪੌਦਿਆਂ ‘ਚ ਪਾ ਸਕਦੇ ਹੋ।

ਤੁਹਾਡੇ ਲਗਾਏ ਫ਼ਲ ਜਾ ਸਬਜੀਆਂ ਚਾਹੇ ਥੋੜੀ ਮਾਤਰਾ ‘ਚ ਹੀ ਸਬਜੀਆਂ ਜਾ ਫ਼ਲ ਲੱਗਣ ਪਰ ਜੋਂ ਸਵਾਦ ਓਹਨਾ ਨੂੰ ਖਾਣ ‘ਚ ਮਿਲਣਾ ਸ਼ਾਇਦ ਬਾਜ਼ਾਰ ਦੀ ਸਬਜੀ ਜਾ ਫ਼ਲ ‘ਚੋਂ ਨਾ ਮਿਲੇ। ਸਭ ਨੂੰ ਇਕ ਵਾਰ ਸ਼ੁਰੂਆਤ ਜਰੂਰ ਕਰਨੀ ਚਾਹੀਦੀ ਹੈ, ਧਰਤੀ ‘ਚ ਹਰਿਆਲੀ ਵਧਾਉਣ ‘ਚ ਅਪਣਾ ਛੋਟਾ ਜਿਹਾ ਯੋਗਦਾਨ ਤਾਂ ਪਾਉਣ ਹੀ ਸਕਦੇ ਹਾਂ ਅਤੇ ਕੁਦਰਤ ਨੂੰ ਕੁਝ ਤਾਂ ਹਰਾ ਭਰਾ ਕਰਨ ‘ਚ ਹਿੱਸਾ ਪਾਈਏ।

ਡਾਕਟਰ ਵਰਿੰਦਰ ਕੁਮਾਰ
ਸੁਨਾਮ ਊਧਮ ਸਿੰਘ ਵਾਲਾ

Read More: ਇਹਨਾਂ ਸਬਜ਼ੀਆਂ ਨੇ ਵਿਗਾੜ ਤਾਂ ਘਰੇਲੂ ਔਰਤਾਂ ਦਾ ਬਜਟ, ਤੁਸੀਂ ਵੀ ਜਾਣੋ

Scroll to Top