July 4, 2024 10:56 pm
Amritsar

ਅੰਮ੍ਰਿਤਸਰ ਦੇ ਚਾਰ ਸਕੂਲਾਂ ਨੂੰ 28 ਫਰਵਰੀ ਤੱਕ ਅਪਗ੍ਰੇਡ ਕਰਨ ਦੇ ਹੁਕਮ, ਸਕੂਲਾਂ ‘ਚ ਜਾਣਗੇ ਜੀ-20 ਸੰਮੇਲਨ ਦੇ ਪ੍ਰਤੀਨਿਧੀ

ਚੰਡੀਗੜ੍ਹ, 09 ਫਰਵਰੀ 2023: ਪੰਜਾਬ ਦੇ 117 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਸਕੀਮ ਤਹਿਤ ਅਪਗ੍ਰੇਡ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤਸਰ (Amritsar) ਦੇ 8 ਸਕੂਲ ਸ਼ਾਮਲ ਹਨ ਪਰ ਇਨ੍ਹਾਂ ਵਿੱਚੋਂ 4 ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 28 ਫਰਵਰੀ ਤੱਕ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਉਹ ਸਕੂਲ ਹਨ ਜਿੱਥੇ ਜੀ-20 ਸੰਮੇਲਨ ਦੌਰਾਨ 20 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਛੇਹਰਟਾ, ਜੀਐਸਐਸਐਸ ਟਾਊਨ ਹਾਲ, ਜੀਐਸਐਸਐਸ ਮਾਲ ਰੋਡ ਅਤੇ ਜੀਐਸਐਸਐਸ ਜੰਡਿਆਲਾ ਗੁਰੂ (ਲੜਕੀਆਂ ਲਈ) ਸ਼ਾਮਲ ਹਨ। ਅੰਮ੍ਰਿਤਸਰ (Amritsar) ਦੇ ਇਹ 4 ਸਕੂਲ ਅਗਲੇ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਦਿਖਾਏ ਜਾਣਗੇ। ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 15 ਮਾਰਚ ਨੂੰ ਸ਼ੁਰੂ ਹੋਣ ਵਾਲੀ ਹੈ। ਇਸ ਵਿੱਚ ਜੀ-20 ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ 120 ਤੋਂ ਵੱਧ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਨ੍ਹਾਂ 4 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਸਕੂਲਾਂ ਦਾ ਕੰਮ 28 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ | ਇਨ੍ਹਾਂ ਸਕੂਲਾਂ ਵਿੱਚ ਪ੍ਰੋਜੈਕਟਰ, ਐਲਈਡੀ ਸਕਰੀਨਾਂ, ਸਪੀਕਰਾਂ ਦੇ ਨਾਲ ਸਮਾਰਟ ਬੋਰਡ ਵੀ ਹੋਣਗੇ। ਇੰਨਾ ਹੀ ਨਹੀਂ ਹਰ ਵਿਸ਼ੇ ਲਈ ਆਡੀਓ-ਵੀਡੀਓ ਸਮੱਗਰੀ ਵੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਇੱਥੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ।