ਚੰਡੀਗੜ੍ਹ, 4 ਨਵੰਬਰ 2024: ਹਰਿਆਣਾ ਦੇ ਉਦਯੋਗ ਅਤੇ ਵਣਜ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਗੁਰੂਗ੍ਰਾਮ (Gurugram) ਨੂੰ ਦੇਸ਼ ਦੇ ਚੋਟੀ ਦੇ 10 ਸ਼ਹਿਰਾਂ ‘ਚ ਸ਼ਾਮਲ ਕਰਨਾ ਹੈ। ਨਗਰ ਨਿਗਮ ਮਾਨੇਸਰ ਅਤੇ ਗੁਰੂਗ੍ਰਾਮ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉੱਚ ਗੁਣਵੱਤਾ ਦਾ ਨਿਰਮਾਣ ਕੰਮ ਘੱਟ ਕੀਮਤ ‘ਤੇ ਕੀਤਾ ਜਾਵੇ।
ਇਸਦੇ ਨਾਲ ਹੀ ਕੈਬਿਨਟ ਮੰਤਰੀ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ‘ਚ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਅਤੇ ਪੋਲੀਥੀਨ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੰਮ ਕਰਨ ਲਈ ਵੀ ਕਿਹਾ।
ਰਾਓ ਨਰਬੀਰ ਸਿੰਘ ਸੋਮਵਾਰ ਨੂੰ ਨਗਰ ਨਿਗਮ ਮਾਨੇਸਰ ਦਫ਼ਤਰ ‘ਚ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ, ਐਚ.ਐਸ.ਆਈ.ਆਈ.ਡੀ.ਸੀ., ਐਚ.ਐਸ.ਵੀ.ਪੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਤ ਕਈ ਅਹਿਮ ਨੁਕਤਿਆਂ ‘ਤੇ ਵਿਚਾਰ ਵਟਾਂਦਰਾ ਕੀਤਾ |
ਇਸ ਬੈਠਕ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੋਲੀਥੀਨ ਦੀ ਵਰਤੋਂ ਕਰਨ ਵਾਲੀਆਂ ਦੁਕਾਨਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਚਲਾਨ ਕੱਟਣ ਅਤੇ ਉਕਤ ਥਾਵਾਂ ‘ਤੇ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ | ਇਸਦੇ ਨਾਲ ਹੀ ਜਿੱਥੋਂ ਉਹ ਪਾਲੀਥੀਨ ਖਰੀਦਦੇ ਹਨ, ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇ | ਇਸ ਤੋਂ ਬਾਅਦ ਵੀ ਜੇਕਰ ਉਕਤ ਜਗ੍ਹਾ ‘ਤੇ ਕਬਜਾ ਪਾਇਆ ਗਿਆ ਤਾਂ ਸਬੰਧਤ ਅਧਿਕਾਰੀ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਇੰਜਨੀਅਰਿੰਗ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਘੱਟ ਲਾਗਤ ’ਤੇ ਉੱਚ ਗੁਣਵੱਤਾ ਵਾਲੇ ਨਿਰਮਾਣ ਕਾਰਜਾਂ ’ਤੇ ਧਿਆਨ ਦੇਣ। ਸੜਕਾਂ ਅਤੇ ਗਲੀਆਂ ਦੇ ਨਾਲ-ਨਾਲ ਡਰੇਨਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖੁੱਲ੍ਹੇ ਵਿੱਚ ਛੱਡੇ ਜਾ ਰਹੇ ਸੀਵਰੇਜ ਦੇ ਗੰਦੇ ਪਾਣੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ।
ਅਧਿਕਾਰੀਆਂ ਖਾਸ ਕਰਕੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਦਫ਼ਤਰ ਦੀ ਬਜਾਏ ਫੀਲਡ ‘ਚ ਜ਼ਿਆਦਾ ਸਮਾਂ ਬਿਤਾਉਣ ਤਾਂ ਜੋ ਉਹ ਨਿਗਮ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣ ਸਕਣ।
ਬੈਠਕ ‘ਚ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਖੇਤਰ ((Gurugram) ‘ਚ ਵੱਖ-ਵੱਖ ਸੁਸਾਇਟੀਆਂ ਦਾ ਐਸਟੀਪੀ ਪਾਣੀ ਟੈਂਕਰਾਂ ਰਾਹੀਂ ਬਿਨਾਂ ਟਰੀਟਮੈਂਟ ਦੇ ਵੱਖ-ਵੱਖ ਥਾਵਾਂ ’ਤੇ ਖੁੱਲ੍ਹੇ ‘ਚ ਛੱਡਿਆ ਜਾ ਰਿਹਾ ਹੈ। ਇਸ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ।