ਰੂਪਨਗਰ, 22 ਜਨਵਰੀ 2024: ਜ਼ਿਲ੍ਹੇ ਵਿਚ ਕਿਸੇ ਵੀ ਪੱਧਰ ਉੱਤੇ ਨਜ਼ਾਇਜ ਮਾਈਨਿੰਗ ਨੂੰ ਠੋਸ ਰੂਪ ਵਿਚ ਰੋਕਣ ਅਤੇ ਇਸ ਸਬੰਧੀ ਮੁੱਦਿਆਂ ਨੂੰ ਜਲਦ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਮੀਟਿੰਗ ਦੀ ਅਗਵਾਈ ਡਿਪਟੀ ਕਮਿਸ਼ਨਰ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਮਾਈਨਿੰਗ ਦੀ ਸਮੇਂ-ਸਮੇਂ ਉਤੇ ਚੈਕਿੰਗ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਈਨਿੰਗ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਨੇ ਮੌਕੇ ਤੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਆਪਣੀ ਡਿਊਟੀ ਮੁਸਤੈਦੀ ਦੇ ਨਾਲ ਕਰਨ ਅਤੇ ਡਿਊਟੀ ਦੌਰਾਨ ਵੀ ਕੋਈ ਕੋਤਾਹੀ ਬਖ਼ਸ਼ੀ ਨਹੀਂ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਸਮੂਹ ਐਸ.ਡੀ.ਐਮ. ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਇੰਟਰ ਸਟੇਟ ਨਾਕਿਆਂ ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਨਜਾਇਜ਼ ਮਾਈਨਿੰਗ ਸਬੰਧੀ ਲਗਾਤਾਰ ਚੌਕਸੀ ਰੱਖੀ ਜਾਵੇ ਅਤੇ ਕਿਸੇ ਵੀ ਪ੍ਰਕਾਰ ਦੀ ਨਜਾਇਜ਼ ਮਾਈਨਿੰਗ ਸਬੰਧੀ ਕਾਰਵਾਈ ਧਿਆਨ ਵਿੱਚ ਆਉਣ ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਮਾਈਨਿੰਗ ਵਿਭਾਗ ਨੂੰ ਹੁਕਮ ਕਰਦੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਚੱਲਣ ਵਾਲੀਆਂ ਕਮਰਸ਼ੀਅਲ ਮਾਈਨਿੰਗ ਸਾਈਟਾਂ/ਪਬਲਿਕ ਮਾਈਨਿੰਗ ਸਾਈਟਾਂ ਦੀ ਨਿਗਰਾਨੀ ਸਖਤ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਮਟੀਰੀਅਲ ਸਸਤੇ ਰੇਟ ਵਿੱਚ ਮੁਹੱਈਆ ਹੋ ਸਕੇ ਅਤੇ ਮੀਟਿੰਗ ਵਿੱਚ ਹਾਜ਼ਰ ਹੋਏ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਨਜ਼ਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਚੈਕਿੰਗ ਸਮੇਂ ਸਮੇਂ ਸਿਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਰੂਪਨਗਰ ਵਿਖੇ ਨਜਾਇਜ਼ ਮਾਈਨਿੰਗ ਐਕਟੀਵਿਟੀ ਨੂੰ ਰੋਕਣ ਲਈ ਬਣਾਈਆਂ ਗਈਆਂ ਸਪੈਸ਼ਲ ਸਕੋਟ (ਫਲਾਇੰਗ ਸਕੂਐਡ) ਨੂੰ ਹਦਾਇਤ ਕੀਤੀ ਗਈ ਕਿ ਥਾਣਾ/ਚੌਕੀਆਂ ਅਧੀਨ ਪੈਂਦੇ ਸਟੋਨ ਕਰੈਸ਼ਰਾਂ ਅਤੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ ਅਤੇ ਡਿਊਟੀ ਤੇ ਤੈਨਾਤ ਅਧਿਕਾਰੀ ਪੂਰੇ ਮਹੀਨੇ ਵਿੱਚ ਕੀਤੀ ਕਾਰਗੁਜਾਰੀ ਦੀ ਰਿਪੋਰਟ ਮਹੀਨੇ ਦੇ ਅਖੀਰ ਵਿੱਚ ਦੇਣ ਦੇ ਪਾਬੰਦ ਹੋਣਗੇ। ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ/ਲਾਪਰਵਾਹੀ ਅਤੇ ਰਿਪੋਰਟ ਨਾ ਪ੍ਰਾਪਤ ਹੋਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਡੀ.ਐਲ.ਟੀ.ਐਫ. ਕਮੇਟੀ ਨੂੰ ਇੰਟਰਸਟੇਟ ਬਾਰਡਰ ਰਾਹੀਂ ਨਜਾਇਜ਼ ਮਾਈਨਿੰਗ ਦੀ ਟਰਾਂਸਪੋਰਟੇਸ਼ਨ ਨੂੰ ਰੋਕਣ ਲਈ ਬਣਾਈਆਂ ਗਈਆਂ ਚੈੱਕਪੋਸਟਾਂ/ਨਾਕਿਆਂ ਨੂੰ ਚੈੱਕ ਕਰਨ ਅਤੇ ਉਹਨਾਂ ਦੇ ਅਧੀਨ ਪੈਂਦੇ ਏਰੀਏ ਦੀ ਅਚਨਚੇਤ ਇੰਨਸਪੇਕਸ਼ਨ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਐਸ.ਪੀ. ਸ. ਨਵਰੀਤ ਸਿੰਘ ਮਾਹਲ, ਜ਼ਿਲ੍ਹਾ ਅਟਾਰਨੀ ਸ਼੍ਰੀ ਰਾਕੇਸ਼ ਗੋਇਲ, ਸਹਾਇਕ ਕਮਿਸ਼ਨਰ ਸ.ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ. ਨੰਗਲ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ. ਮਨਦੀਪ ਸਿੰਘ ਢਿੱਲੋਂ, ਵਣ ਮੰਡਵ ਅਫਸਰ ਸ. ਹਰਜਿੰਦਰ ਸਿੰਘ, ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।