ਚੰਡੀਗੜ੍ਹ, 29 ਜੂਨ 2023: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਂਗਠਜੋੜ ਦੀ ਕਵਾਇਦ ‘ਚ ਜੁਟੀ ਵਿਰੋਧੀ ਪਾਰਟੀਆਂ ਦੀ ਬੈਠਕ ਦਾ ਦੂਜਾ ਪੜਾਅ ਹੁਣ ਬੈਂਗਲੁਰੂ ‘ਚ ਹੋਵੇਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਬੈਠਕ ਸ਼ਿਮਲਾ ‘ਚ ਹੋਵੇਗੀ ਪਰ ਹੁਣ ਐੱਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਬੈਠਕ ਦਾ ਸਥਾਨ ਬਦਲਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ 13 ਅਤੇ 14 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਵੇਗੀ।
ਪੁਣੇ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ (Sharad Pawar) ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸੱਤਾ ‘ਚ ਰਹੇ ਬਿਨਾਂ ਨਹੀਂ ਰਹਿ ਸਕਦੀ। ਸੂਬੇ ਵਿੱਚ ਭਾਜਪਾ ਆਗੂ ਸੱਤਾ ਵਿੱਚ ਬਣੇ ਰਹਿਣ ਲਈ ਬੇਤਾਬ ਹਨ। ਉਨ੍ਹਾਂ ਅਜੀਤ ਪਵਾਰ ਨਾਲ ਮਿਲ ਕੇ ਭਾਜਪਾ ਦੀ ਫੜਨਵੀਸ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਵੇਰੇ ਅਜੀਤ ਪਵਾਰ ਨਾਲ ਸਹੁੰ ਚੁੱਕ ਪ੍ਰੋਗਰਾਮ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸੱਤਾ ‘ਚ ਬਣੇ ਰਹਿਣ ਲਈ ਭਾਜਪਾ ਕਿਸੇ ਨਾਲ ਵੀ ਜਾ ਸਕਦੀ ਹੈ।