CM Bhagwant Mann

ਵਿਰੋਧੀ ਆਗੂ ਕੋਝੇ ਹਥਕੰਡਿਆਂ ਰਾਹੀਂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਕਬਜ਼ਾ ਕਰਨ ਲਈ ਤਰਲੋਮੱਛੀ ਹੋ ਰਹੇ ਨੇ: ਮੁੱਖ ਮੰਤਰੀ

ਬਿੱਟੂ ਮੁੱਖ ਮੰਤਰੀ ਰਿਹਾਇਸ਼ ਉਤੇ ਆਪਣਾ ਜੱਦੀ ਹੱਕ ਸਮਝਦਾ ਹੈ
ਆਮ ਆਦਮੀ ਦੀ ਸਰਕਾਰ ਬਣਨ ਕਾਰਨ ਸਾੜਾ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਦੀ ਕੀਤੀ ਆਲੋਚਨਾ

ਚੰਡੀਗੜ੍ਹ, 6 ਮਾਰਚ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant maan) ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਕਬਜ਼ਾ ਕਰਨ ਲਈ ਤਰਲੋਮੱਛੀ ਹੋ ਰਹੇ ਹਨ, ਜਿਸ ਲਈ ਉਹ ਕਈ ਤਰ੍ਹਾਂ ਦੇ ਹਥਕੰਡੇ ਵੀ ਵਰਤ ਰਹੇ ਹਨ।

ਇੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵਿਅੰਗ ਕੀਤਾ ਕਿ ਵਿਰੋਧੀ ਆਗੂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਕਬਜ਼ਾ ਕਰਨ ਲਈ ਕਾਹਲੇ ਹਨ, ਜਿਸ ਲਈ ਉਹ ਵੱਖ-ਵੱਖ ਹਥਕੰਡੇ ਅਪਣਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਘਰ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਨਾਲ ਸਬੰਧਤ ਹੈ ਅਤੇ ਸਿਰਫ਼ ਲੋਕਾਂ ਦੁਆਰਾ ਚੁਣੇ ਗਏ ਵਿਅਕਤੀ ਨੂੰ ਹੀ ਉਨ੍ਹਾਂ ਦੀ ਸੇਵਾ ਕਰਨ ਅਤੇ ਇਸ ਘਰ ਵਿੱਚ ਰਹਿਣ ਦਾ ਮਾਣ ਹਾਸਲ ਹੁੰਦਾ ਹੈ। ਅਸਲ ਵਿੱਚ ਪੰਜਾਬ ਦੇ ਲੋਕ ਸੱਤਾ ਦੇ ਲੋਭੀ ਇਹੋ ਜਿਹੇ ਆਗੂਆਂ ਨੂੰ ਚੋਣਾਂ ਵਿੱਚ ਨਕਾਰ ਦਿੰਦੇ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੇ ਕਦੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ।

ਇਕ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (ravneet bituu) ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਸ ਦੀ ਜੱਦੀ ਜਗੀਰ ਹੈ ਕਿਉਂਕਿ ਇੱਥੇ ਉਸ ਦਾ ਦਾਦਾ ਇਕ ਵਾਰ ਮੁੱਖ ਮੰਤਰੀ ਵਜੋਂ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਕਾਰੇ ਗਏ ਆਗੂਆਂ ਨੂੰ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਕਬਜ਼ਾ ਕਰਨ ਦੇ ਸੁਪਨੇ ਦੇਖਣ ਵਾਲਿਆਂ ਦੇ ਢਕਵੰਜ ਕਿਸੇ ਕੰਮ ਨਹੀਂ ਆਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕਾਂ ਦਾ ਘਰ ਹੈ ਅਤੇ ਲੋਕ ਆਪਣੇ ਆਗੂਆਂ ਨੂੰ ਚੁਣ ਕੇ ਇੱਥੇ ਭੇਜਦੇ ਹਨ ਪਰ ਲੋਕ ਇਸ ਤਰ੍ਹਾਂ ਦੇ ਆਗੂਆਂ ਨੂੰ ਕਦੇ ਨਹੀਂ ਚੁਣਨਗੇ, ਜਿਨ੍ਹਾਂ ਦਾ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਮੰਨਦੇ ਹਨ ਕਿ ਉਨ੍ਹਾਂ ਕੋਲ ਸੱਤਾ ਵਿੱਚ ਰਹਿਣ ਦਾ ਦੈਬੀ ਹੱਕ ਹੈ, ਜਿਸ ਕਰ ਕੇ ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇਕ ਆਮ ਆਦਮੀ ਸੂਬੇ ਦਾ ਸ਼ਾਸਨ ਸ਼ਾਨਦਾਰ ਢੰਗ ਨਾਲ ਕਿਵੇਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਜ਼ਾਦੀ ਦੇ ਬਾਅਦ ਤੋਂ ਲੋਕਾਂ ਨੂੰ ਮੂਰਖ ਬਣਾ ਕੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਹੈ, ਜਿਸ ਕਾਰਨ ਲੋਕਾਂ ਨੇ ਇਨ੍ਹਾਂ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਇਹ ਕਾਨਵੈਂਟ ਦੇ ਪੜ੍ਹੇ-ਲਿਖੇ ਸਿਆਸੀ ਆਗੂ ਸੂਬੇ ਦੀਆਂ ਬੁਨਿਆਦੀ ਜ਼ਮੀਨੀ ਹਕੀਕਤਾਂ ਤੋਂ ਵੀ ਅਣਜਾਣ ਹਨ।

Read More: ਖਰੜ ਤਹਿਸੀਲ ਦਫਤਰ ਪਹੁੰਚੇ CM ਮਾਨ, ਕੰਮਕਾਜ ਦਾ ਲੈ ਰਹੇ ਜਾਇਜ਼ਾ

Scroll to Top