July 4, 2024 6:24 pm
Himachal

ਹਿਮਾਚਲ ਸਰਕਾਰ ਵੱਲੋਂ ਟੈਕਸ ਲਗਾਉਣ ‘ਤੇ ਬਾਹਰਲੇ ਸੂਬਿਆਂ ਦੇ ਆਪਰੇਟਰ ਭੜਕੇ, ਸਰਹੱਦ ਬੰਦ ਕਰਨ ਦੀ ਦਿੱਤੀ ਚਿਤਾਵਨੀ

ਚੰਡੀਗੜ੍ਹ, 09 ਅਕਤੂਬਰ 2023: ਹਿਮਾਚਲ (Himachal) ਪ੍ਰਦੇਸ਼ ਜਾਣ ਵਾਲੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਟੈਂਪੂਆਂ, ਟੂਰਿਸਟ ਬੱਸਾਂ ਅਤੇ ਟੈਕਸੀਆਂ ‘ਤੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਭਾਰੀ ਟੈਕਸ ਕਾਰਨ ਕੋਲਕਾਤਾ ਅਤੇ ਗੁਜਰਾਤ ਦੇ ਟਰੈਵਲ ਏਜੰਟ ਅਤੇ ਪੰਜਾਬ-ਚੰਡੀਗੜ੍ਹ ਟੈਕਸੀ ਯੂਨੀਅਨ ਕਾਫ਼ੀ ਨਾਰਾਜ਼ ਹਨ ਅਤੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦਾ ਵੀ ਬਾਈਕਾਟ ਕਰ ਦਿੱਤਾ ਹੈ।

ਪੰਜਾਬ-ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਆਉਂਦੇ ਹਨ। ਭਾਰੀ ਟੈਕਸ ਕਾਰਨ ਪੰਜਾਬ-ਚੰਡੀਗੜ੍ਹ ਟੈਕਸੀ ਚਾਲਕਾਂ ਨੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਕੁਝ ਵਾਹਨ ਹੀ ਜਾ ਰਹੇ ਹਨ ਅਤੇ ਪੰਜਾਬ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਐਡਵਾਂਸ ਬੁਕਿੰਗ ਰੱਦ ਹੋ ਰਹੀ ਹੈ।

ਇਸ ਦੌਰਾਨ ਚੰਡੀਗੜ੍ਹ-ਪੰਜਾਬ ਦੀ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਯੂਨੀਅਨ ਨੇ ਹਿਮਾਚਲ ਲਈ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ ਅਤੇ ਜੋ ਬੁਕਿੰਗ ਪਹਿਲਾਂ ਤੋਂ ਕਰਵਾਈ ਗਈ ਸੀ, ਉਹ ਵੀ ਰੱਦ ਕੀਤੀ ਜਾ ਰਹੀ ਹੈ। ਇਸ ਕਾਰਨ ਹੁਣ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕ ਯਾਤਰੀਆਂ ਨੂੰ ਕਸ਼ਮੀਰ, ਨੈਨੀਤਾਲ ਆਦਿ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਲਿਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਬਾਹਰਲੇ ਰਾਜਾਂ ਤੋਂ ਸੈਲਾਨੀਆਂ ਦੀ ਕਮੀ ਕਾਰਨ ਹੋਟਲ ਮਾਲਕ ਹਿਮਾਚਲ ਵਿੱਚ ਬੁਕਿੰਗ ਰੱਦ ਕਰ ਰਹੇ ਹਨ।

ਯੂਨੀਅਨ ਨੇ ਕਿਹਾ ਕਿ ਜੇਕਰ ਹਿਮਾਚਲ (Himachal) ਪ੍ਰਦੇਸ਼ ਸਰਕਾਰ ਨੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ‘ਤੇ ਲਗਾਇਆ ਟੈਕਸ ਖ਼ਤਮ ਨਾ ਕੀਤਾ ਤਾਂ 15 ਅਕਤੂਬਰ ਤੱਕ ਸਰਹੱਦ ਨੂੰ ਬੰਦ ਰੱਖਿਆ ਜਾਵੇਗਾ। ਦੱਸ ਦੇਈਏ ਕਿ ਚੰਡੀਗੜ੍ਹ-ਪੰਜਾਬ ਦੇ ਟੈਕਸੀ ਆਪਰੇਟਰ 1 ਅਕਤੂਬਰ ਨੂੰ ਵੀ ਬਾਰਡਰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਪਰ ਸੋਲਨ ਦੇ ਡੀ.ਸੀ. ਦੇ ਭਰੋਸੇ ‘ਤੇ ਹੜਤਾਲ ਮੁਲਤਵੀ ਕਰ ਦਿੱਤੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਟੈਂਪੂਆਂ ਅਤੇ ਬੱਸਾਂ ਤੋਂ ਰੋਜ਼ਾਨਾ 6000 ਰੁਪਏ ਟੈਕਸ ਵਸੂਲੇ ਜਾ ਰਹੇ ਹਨ।