ਦਿੱਲੀ, 29 ਮਈ 2025: ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ (Air Chief Marshal Amarpreet Singh) ਨੇ ਵੀਰਵਾਰ ਨੂੰ ਰੱਖਿਆ ਪ੍ਰਣਾਲੀਆਂ ਦੀ ਖਰੀਦ ਅਤੇ ਸਪੁਰਦਗੀ ‘ਚ ਦੇਰੀ ‘ਤੇ ਕਿਹਾ ਕਿ ਇੱਕ ਵੀ ਪ੍ਰੋਜੈਕਟ ਅਜਿਹਾ ਨਹੀਂ ਹੈ ਜੋ ਸਮੇਂ ਸਿਰ ਪੂਰਾ ਹੋਇਆ ਹੋਵੇ। ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਅਜਿਹੇ ਵਾਅਦੇ ਕਿਉਂ ਕਰਦੇ ਹਾਂ ਜੋ ਪੂਰੇ ਨਹੀਂ ਕੀਤੇ ਜਾ ਸਕਦੇ। ਕਈ ਵਾਰ ਇਕਰਾਰਨਾਮੇ ‘ਤੇ ਦਸਤਖਤ ਕਰਦੇ ਸਮੇਂ, ਅਸੀਂ ਜਾਣਦੇ ਹਾਂ ਕਿ ਇਹ ਸਮੇਂ ਸਿਰ ਨਹੀਂ ਹੋਵੇਗਾ, ਫਿਰ ਵੀ ਅਸੀਂ ਇਸ ‘ਤੇ ਦਸਤਖਤ ਕਰਦੇ ਹਾਂ, ਜੋ ਪੂਰੇ ਸਿਸਟਮ ਨੂੰ ਵਿਗਾੜ ਦਿੰਦਾ ਹੈ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫੌਜ ਮੁਖੀ ਨੇ ਇਸ ਤਰ੍ਹਾਂ ਸਿਸਟਮ ‘ਤੇ ਸਵਾਲ ਉਠਾਏ ਹਨ। ਸੀਆਈਆਈ ਸਾਲਾਨਾ ਵਪਾਰ ਸੰਮੇਲਨ ‘ਚ ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਸਮਾਂ-ਸਾਰਣੀ ਇੱਕ ਵੱਡਾ ਮੁੱਦਾ ਹੈ। ਰੱਖਿਆ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਨਾ ਕਰਨ ਕਾਰਨ, ਸੰਚਾਲਨ ਤਿਆਰੀ ਪ੍ਰਭਾਵਿਤ ਹੁੰਦੀ ਹੈ।
ਇਸ ਤੋਂ ਪਹਿਲਾਂ 8 ਜਨਵਰੀ ਨੂੰ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਤੇਜਸ ਲੜਾਕੂ ਜਹਾਜ਼ਾਂ ਦੀ ਸਪੁਰਦਗੀ ‘ਚ ਦੇਰੀ ‘ਤੇ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ 40 ਜੈੱਟ ਅਜੇ ਤੱਕ ਫੋਰਸ ਨੂੰ ਨਹੀਂ ਮਿਲੇ ਹਨ। ਜਦੋਂ ਕਿ ਚੀਨ ਵਰਗੇ ਦੇਸ਼ ਆਪਣੀ ਤਾਕਤ ਵਧਾ ਰਹੇ ਹਨ।
ਹਵਾਈ ਫੌਜ ਮੁਖੀ ਨੇ ਕਿਹਾ ਕਿ ਤੇਜਸ ਐਮਕੇ1ਏ ਲੜਾਕੂ ਜਹਾਜ਼ ਲਈ ਫਰਵਰੀ 2021 ‘ਚ ਐਚਏਐਲ ਨਾਲ 48,000 ਕਰੋੜ ਰੁਪਏ ਦਾ ਇਕਰਾਰਨਾਮਾ ਹੋਇਆ ਸੀ। ਮਾਰਚ 2024 ਤੋਂ ਡਿਲੀਵਰੀ ਸ਼ੁਰੂ ਹੋਣੀ ਸੀ, ਪਰ ਅੱਜ ਤੱਕ ਇੱਕ ਵੀ ਜਹਾਜ਼ ਨਹੀਂ ਆਇਆ ਹੈ। ਤੇਜਸ ਐਮਕੇ2 ਦਾ ਪ੍ਰੋਟੋਟਾਈਪ ਵੀ ਅਜੇ ਤਿਆਰ ਨਹੀਂ ਹੈ। ਐਡਵਾਂਸਡ ਸਟੀਲਥ ਫਾਈਟਰ ਏਐਮਸੀਏ ਦਾ ਅਜੇ ਤੱਕ ਕੋਈ ਪ੍ਰੋਟੋਟਾਈਪ ਨਹੀਂ ਹੈ।
ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ (Air Chief Marshal Amarpreet Singh) ਨੇ ਕਿਹਾ ਕਿ ਯੁੱਧ ਦੇ ਤਰੀਕੇ ਬਦਲ ਰਹੇ ਹਨ। ਹਰ ਰੋਜ਼ ਨਵੀਂ ਤਕਨਾਲੋਜੀ ਆ ਰਹੀ ਹੈ। ਆਪ੍ਰੇਸ਼ਨ ਸੰਧੂਰ ਨੇ ਸਾਨੂੰ ਦੱਸਿਆ ਕਿ ਅਸੀਂ ਕਿਸ ਦਿਸ਼ਾ ਵਿੱਚ ਜਾ ਰਹੇ ਹਾਂ ਅਤੇ ਭਵਿੱਖ ‘ਚ ਸਾਨੂੰ ਕੀ ਚਾਹੀਦਾ ਹੈ। ਇਸ ਲਈ ਸਾਨੂੰ ਬਹੁਤ ਸਾਰਾ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਹੀ ਅਸੀਂ ਭਵਿੱਖ ‘ਚ ਵੀ ਆਪਣਾ ਟੀਚਾ ਪ੍ਰਾਪਤ ਕਰ ਸਕਾਂਗੇ।
ਏਅਰ ਚੀਫ਼ ਨੇ ਹਾਲ ਹੀ ‘ਚ ਹੋਏ ਆਪ੍ਰੇਸ਼ਨ ਸੰਧੂਰ ਨੂੰ ਇੱਕ ਰਾਸ਼ਟਰੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਅੱ.ਤ.ਵਾ.ਦ ਵਿਰੁੱਧ ਦੇਸ਼ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ। ਇਸ ਆਪ੍ਰੇਸ਼ਨ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਨੌਂ ਅੱ.ਤ.ਵਾ.ਦੀ ਠਿਕਾਣਿਆਂ ‘ਤੇ ਸਟੀਕ ਹਮਲੇ ਕੀਤੇ ਗਏ।