ਚੰਡੀਗੜ, 27 ਜੁਲਾਈ:ਨੇੜਲੇ ਭਵਿੱਖ ਵਿੱਚ ਕੋਰੋਨਾ ਵਾਇਰਸ ਦੇ ਸੰਭਾਵੀ ਕੇਸਾਂ ਵਿੱਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਸੂਬਾ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੀ ਲੋੜ ਹੈ ਜਦਕਿ ਪੰਜਾਬ ਵਿੱਚ ਟੀਕੇ ਦੀਆਂ ਦੋਵੇਂ ਖੁਰਾਕਾਂ ਵਾਲੇ ਲੋਕਾਂ ਦਾ ਅੰਕੜਾ ਸਿਰਫ 5.35 ਫ਼ੀਸਦ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵੱਲੋਂ 94,79,351 ਵਿਅਕਤੀਆਂ ਨੂੰ ਟੀਕਾ ਲਗਵਾਇਆ ਜਾ ਚੁੱਕਾ ਹੈ, ਜਿਨਾਂ ਵਿੱਚੋਂ 77,16,433 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 17,62,918 ਨੇ ਦੋਵੇਂ ਖੁਰਾਕਾਂ ਨਾਲ ਟੀਕਾਕਰਨ ਪੂਰਾ ਕਰ ਲਿਆ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਕੋਵਿਡ-19 ਟੀਕੇ ਦੀ ਘੱਟ ਸਪਲਾਈ ਮਿਲ ਰਹੀ ਹੈ ਅਤੇ ਉਨਾਂ ਕੇਂਦਰ ਸਰਕਾਰ ਨੂੰ ਕਈ ਵਾਰ ਟੀਕੇ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਸੂਬਾ ਸਰਕਾਰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਾ ਕੇ ਆਪਣੀ ਆਬਾਦੀ ਦੀ ਰਾਖੀ ਕਰ ਸਕੇ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਟੀਕੇ ਦੀਆਂ ਦੋਵੇਂ ਖੁਰਾਕਾਂ ਵਾਲੇ ਲੋਕਾਂ ਦਾ ਅੰਕੜਾ ਸਿਰਫ 5.35 ਫ਼ੀਸਦ ਹੈ। ਇਸ ਲਈ ਸਿਹਤ ਬੁਨਿਆਦੀ ਢਾਂਚੇ ਤੋਂ ਇਲਾਵਾ ਕੋਵਿਡ-19 ਦੀ ਤੀਜੀ ਲਹਿਰ ਤੋਂ ਬਚਣ ਲਈ, ਕੇਂਦਰ ਸਰਕਾਰ ਨੂੰ ਟੀਕੇ ਦੀ ਸਪਲਾਈ ਵਧਾਉਣ ਦੀ ਲੋੜ ਹੈ ਤਾਂ ਜੋ ਪੂਰੀ ਆਬਾਦੀ ਨੂੰ ਕਵਰ ਕੀਤਾ ਜਾ ਸਕੇ।
ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਡਰ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਹੀ ਵੱਡੀ ਗਿਣਤੀ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਹੈ ਜਦਕਿ ਦੂਜੀ ਲਹਿਰ ‘ਚ ਹੋਣ ਵਾਲੇ ਸੰਕਰਮਣਾਂ ਨਾਲੋਂ ਵੱਧ ਗੰਭੀਰ ਹੋ ਸਕਦੇ ਹਨ। ਇਹਨਾਂ ਸੰਭਾਵੀ ਕੇਸਾਂ ਦੀ ਸੰਭਾਲ ਕਰਨ ਲਈ, ਥੋੜੇ ਸਮੇਂ ਵਿੱਚ ਬੁਨਿਆਦੀ ਢਾਂਚੇ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ 9000 ਆਕਸੀਜਨ ਕੰਸਨਟਰੇਟਰਜ਼, 75 ਪੀ.ਐੱਸ.ਏ. ਆਕਸੀਜਨ ਜਨਰੇਸ਼ਨ ਪਲਾਂਟ ਸ਼ਾਮਲ ਹਨ।
ਆਈ.ਸੀ.ਐਮ.ਆਰ. ਵੱਲੋਂ ਪੰਜਾਬ ਦੇ ਚਾਰ ਜ਼ਿਲਿਆਂ ਵਿੱਚ ਕਰਵਾਏ ਚੌਥੇ ਸੀਰੋ ਸਰਵੇ ਬਾਰੇ ਟਿੱਪਣੀ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਅਨੁਸਾਰ 63.15 ਪ੍ਰਤੀਸਤ ਅਬਾਦੀ ਵਿੱਚ ਕੋਵਿਡ ਐਂਟੀਬਾਡੀਜ ਬਣ ਗਈਆਂ ਹਨ ਅਤੇ ਸਿਹਤ ਕਰਮਚਾਰੀਆਂ ਵਿੱਚ 83.25 ਪ੍ਰਤੀਸਤ ਐਂਟੀਬਾਡੀਜ ਹਨ। ਇਨਾਂ ਚਾਰ ਜਿਲਿਆਂ ਵਿੱਚੋਂ, ਆਮ ਜਨਸੰਖਿਆ ‘ਚ ਲੁਧਿਆਣਾ 71 ਫ਼ੀਸਦ ਨਾਲ ਸਭ ਤੋਂ ਅੱਗੇ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਰਵੇਖਣ ਦੇ ਨਤੀਜਿਆਂ ਅਨੁਸਾਰ ਲੋਕਾਂ ਵਿਚ ਕੋਵਿਡ ਐਂਟੀਬਾਡੀਜ ਦੀ ਮੌਜੂਦਗੀ ਦਾ ਸੰਕੇਤ ਮਿਲਿਆ ਹੈ ਜਿਸਦਾ ਅਰਥ ਹੈ ਕਿ ਪੰਜਾਬ ਵਿਚ ਦਰਜ ਕੀਤੇ ਅੰਕੜਿਆਂ ਨਾਲੋਂ ਕੇਸ ਬਹੁਤ ਵੱਧ ਸਨ। ਪੰਜਾਬ ਦੀ ਆਬਾਦੀ ਵਿਚ ਕੋਵਿਡ ਦੇ ਪ੍ਰਸਾਰ ਦੀ ਸੰਭਾਵਨਾ ਨੂੰ ਵੇਖਦਿਆਂ ਉਹਨਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਜਦੋਂ ਤੱਕ ਸਾਰੀ ਆਬਾਦੀ ਦਾ ਦੋ ਖੁਰਾਕਾਂ ਨਾਲ ਟੀਕਾਕਰਨ ਨਹੀਂ ਹੋ ਜਾਂਦਾ।