ਚੰਡੀਗੜ੍ਹ, 7 ਮਾਰਚ 2023: ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ (Jammu-Srinagar National Highway) ‘ਤੇ ਰਾਮਬਨ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਰੀਬ 6 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਮੀਨ ਖਿਸਕਣ ਕਾਰਨ ਹਾਈਵੇਅ ਬੰਦ ਹੈ। ਸੜਕ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਫਸੇ ਹੋਏ ਹਨ। ਪਹਾੜੀ ਤੋਂ ਪੱਥਰ ਅਤੇ ਚੱਟਾਨ ਅਜੇ ਵੀ ਰੁਕ-ਰੁਕ ਕੇ ਡਿੱਗ ਰਹੇ ਹਨ।
ਜਾਣਕਾਰੀ ਮੁਤਾਬਕ ਰਾਮਬਨ ਦੇ ਸੇਰੀ ਇਲਾਕੇ ‘ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇਕ ਪਹਾੜੀ ਤੋਂ ਅਚਾਨਕ ਮਲਬਾ ਡਿੱਗਣਾ ਸ਼ੁਰੂ ਹੋ ਗਿਆ। ਕੁਝ ਲੋਕ ਇਸ ਤੋਂ ਪ੍ਰਭਾਵਿਤ ਹੋਏ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਡੀਐਸਪੀ ਹੈੱਡਕੁਆਰਟਰ ਰਾਮਬਨ ਪ੍ਰਦੀਪ ਸਿੰਘ ਸੇਨ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਨੈਸ਼ਨਲ ਹਾਈਵੇਅ ਫਿਲਹਾਲ ਆਵਾਜਾਈ ਲਈ ਬੰਦ ਹੈ।