June 29, 2024 10:07 am
Zirakpur Flyovers

ਜ਼ੀਰਕਪੁਰ ਵਿਖੇ ਬਣਨ ਵਾਲੇ ਦੋ ਫਲਾਈਓਵਰਾਂ ‘ਚੋਂ ਇੱਕ ਆਉਂਦੀ ਜਨਵਰੀ ਤੱਕ ਹੋਵੇਗਾ ਚਾਲੂ

ਐੱਸ.ਏ.ਐੱਸ. ਨਗਰ, 30 ਨਵੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਜ਼ੀਰਕਪੁਰ ਵਿਖੇ ਬਣਨ ਵਾਲੇ ਦੋ ਫਲਾਈਓਵਰ ਵਿੱਚੋਂ ਇੱਕ ਫਲਾਈਓਵਰ (Zirakpur Flyovers) ਆਉਂਦੀ ਜਨਵਰੀ ਤੱਕ ਚਾਲੂ ਕਰ ਦਿੱਤਾ ਜਾਵੇਗਾ। ਉਹ ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਚੱਲ ਰਹੇ ਐਨ ਐਚ ਏ ਆਈ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ। ਉਸਨੇ ਬਕਾਇਆ ਭੌਂ-ਪ੍ਰਾਪਤੀ ਲਈ ਅਵਾਰਡਾਂ ਨੂੰ ਤੇਜ਼ ਕਰਨ ਦੇ ਨਾਲ-ਨਾਲ ਮੁਆਵਜ਼ੇ ਦੀ ਵੰਡ ’ਚ ਵੀ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ।

ਜ਼ੀਰਕਪੁਰ (Zirakpur Flyovers) ਵਿੱਚ ਐਨ.ਐਚ.ਏ.ਆਈ. ਦੀਆਂ ਸੜਕਾਂ ’ਤੇ ਗੈਰ-ਕਾਨੂੰਨੀ ਪਾਰਕਿੰਗਾਂ ਨੂੰ ਹਟਾਉਣ ਸਬੰਧੀ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਦੀ ਬੇਨਤੀ ’ਤੇ, ਉਨ੍ਹਾਂ ਨੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਜ਼ਿਲ੍ਹਾ ਪੁਲਿਸ ਕੋਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਈ.ਟੀ.ਸਿਟੀ-ਕੁਰਾਲੀ ਚੰਡੀਗੜ੍ਹ ਰੋਡ, ਐਨ.ਐਚ.-205-ਏ ਦੀ ਉਸਾਰੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਅਗਲੇ ਸਾਲ ਨਵੰਬਰ ਤੱਕ ਇਹ ਕੰਮ ਮੁਕੰਮਲ ਹੋਣ ਦੇ ਨੇੜੇ ਹੋ ਜਾਵੇਗਾ। ਉਨ੍ਹਾਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਇਸ ਸੜ੍ਹਕ ਨਾਲ ਸਬੰਧਤ ਟਿਊਬਵੈੱਲਾਂ ਅਤੇ ਢਾਂਚਿਆਂ/ਉਸਾਰੀਆਂ ਨਾਲ ਸਬੰਧਤ ਬਕਾਇਆ ਮੁਆਵਜ਼ਾ ਜਲਦ ਵੰਡਣ ਲਈ ਕਿਹਾ।

ਉਨ੍ਹਾਂ ਸਰਹਿੰਦ-ਮੋਹਾਲੀ ਐਨਐਚ-205-ਏਜੀ ਸੜ੍ਹਕ ਦੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਨ ਲਈ ਭਾਗੋ ਮਾਜਰਾ ਅਤੇ ਰਾਏਪੁਰ ਕਲਾਂ ਦੇ ਭੌਂ-ਪ੍ਰਾਪਤੀ ਅਵਾਰਡਾਂ ਨੂੰ ਜਲਦ ਐਲਾਨਣ ਦੇ ਆਦੇਸ਼ ਦੇਣ ਦੇ ਨਾਲ-ਨਾਲ ਹੁੁਣ ਤੱਕ 151.86 ਕਰੋੜ ਵਿੱਚੋਂ 132 ਕਰੋੜ ਰੁਪਏ ਦੀ ਰਾਸ਼ੀ ਮੁਅਵਜ਼ੇ ਵਜੋਂ ਵੰਡੇ ਜਾਣ ਬਾਰੇ ਦੱਸਿਆ।

ਅੰਬਾਲਾ-ਚੰਡੀਗੜ੍ਹ ਗ੍ਰੀਨ ਫੀਲਡ ਦੇ ਐਸ.ਏ.ਐਸ.ਨਗਰ ’ਚ ਪੈਂਦੇ ਹਿੱਸੇ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਲ 643 ਕਰੋੜ ਵਿੱਚੋਂ 515 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੰਡ ਕਰ ਦਿੱਤੀ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਫੇਜ਼-2 ਭੌਂ-ਗ੍ਰਹਿਣ ਦੇ ਮੁਆਵਜ਼ੇ ਦੀ ਵੰਡ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਰਹਿੰਦੇ ਪਲਾਟਾਂ ਦੀ 3ਏ ਨੋਟੀਫਿਕੇਸ਼ਨ ਦੀ ਪੜਤਾਲ ਮੁਕੰਮਲ ਕਰਨ ਲਈ ਕਿਹਾ। ਨੈਸ਼ਨਲ ਹਾਈਵੇਅ ਅਧਿਕਾਰੀਆਂ ਨੇ ਡੀ ਸੀ ਨੂੰ ਦੱਸਿਆ ਕਿ 26 ਕਿਲੋਮੀਟਰ ਵਿੱਚੋਂ 18.5 ਏਕੜ ਦਾ ਕਬਜ਼ਾ ਲੈ ਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ ਦੀਆਂ ਲੰਬਿਤ ਪਈਆਂ ਸੜਕਾਂ ਨੂੰ ਜਲਦੀ ਨਿਪਟਾਉਣ ਲਈ ਹਰ ਸ਼ੁੱਕਰਵਾਰ ਨੂੰ ਸਮੀਖਿਆ ਮੀਟਿੰਗ ਕਰਨ ਦੇ ਹੁਕਮ ਵੀ ਦਿੱਤੇ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਨ ਐਚ ਏ ਆਈ ਦੇ ਪ੍ਰਾਜੈਕਟ ਡਾਇਰੈਕਟਰ ਪਰਦੀਪ ਅੱਤਰੀ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਜ਼ਿਲ੍ਹਾ ਮਾਲ ਅਫਸਰ ਅਮਨਦੀਪ ਚਾਵਲਾ ਸ਼ਾਮਲ ਸਨ |