NODAL OFFICERS

ਨੋਡਲ ਅਫ਼ਸਰਾਂ ਦੀ ਨੇਵਾ ਐਪ ਤੇ ਵੈਬਸਾਈਟ ਸਬੰਧੀ ਇੱਕ ਦਿਨਾ ਸਿਖਲਾਈ ਵਰਕਸ਼ਾਪ ਕਰਵਾਈ

ਚੰਡੀਗੜ੍ਹ, 26 ਜੂਨ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਦਨ ਦਾ ਸਾਰਾ ਕੰਮਕਾਜ ਕਾਗ਼ਜ਼-ਮੁਕਤ ਕਰਨ ਵੱਲ ਇੱਕ ਹੋਰ ਪੁਲਾਂਘ ਪੁੱਟਦਿਆਂ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ (NODAL OFFICERS) ਦੀ ਇੱਕ ਦਿਨਾ ਸਿਖਲਾਈ ਵਰਕਸ਼ਾਪ ਕਰਵਾਈ ਗਈ।

ਵਰਕਸ਼ਾਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਵੱਲੋਂ ਤੈਨਾਤ ਕੀਤੇ ਗਏ ਨੋਡਲ ਅਫ਼ਸਰਾਂ ਨੂੰ ਸਦਨ ਸਬੰਧੀ ਸਾਰੀ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਲਈ ਵਰਤੀ ਜਾਣ ਵਾਲੀ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਅਤੇ ਵੈਬਸਾਈਟ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਵਿਧਾਨ ਸਭਾ ਦੇ ਰੀਜਨਲ ਹਾਲ ਵਿੱਚ ਨੋਡਲ ਅਫ਼ਸਰਾਂ (NODAL OFFICERS) ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਗਲਾ ਸੈਸ਼ਨ ਇਸ ਗੱਲੋਂ ਨਿਵੇਕਲਾ ਅਤੇ ਪਹਿਲਾ ਹੋਵੇਗਾ ਜਿਸ ਦਾ ਸਾਰਾ ਕੰਮਕਾਜ ਇਲੈਕਟ੍ਰਾਨਿਕ ਵਿਧੀ ਰਾਹੀਂ ਕੀਤਾ ਜਾਵੇਗਾ। ਖਟਾਣਾ ਨੇ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਨੋਡਲ ਅਧਿਕਾਰੀਆਂ ਨੂੰ ਪੂਰਣ ਸਹਿਯੋਗ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਕਾਗ਼ਜ਼-ਮੁਕਤ ਹੋਣ ਨਾਲ ਜਿੱਥੇ ਸਮੂਹ ਵਿਭਾਗਾਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਇਹ ਪਹਿਲ ਸਰਕਾਰ ਦੇ ਵਾਤਾਵਰਣ ਸੰਭਾਲ ਦੇ ਉਪਰਾਲਿਆਂ ਵਿੱਚ ਵੀ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਸਦਨ ਦੀ ਕਾਰਵਾਈ ਤੋਂ ਇਲਾਵਾ ਵਿਧਾਨਕ ਕਮੇਟੀਆਂ ਦੀ ਕਾਰਜ-ਪ੍ਰਣਾਲੀ ਵੀ ਕਾਗ਼ਜ਼-ਮੁਕਤ ਕੀਤੀ ਜਾਵੇਗੀ ਅਤੇ ਸਦਨ ਦੇ ਸਾਰੇ ਰਿਕਾਰਡ ਦਾ ਡਿਜੀਟਾਈਜ਼ੇਸ਼ਨ ਕੀਤਾ ਜਾਵੇਗਾ।

ਵਰਕਸ਼ਾਪ ਦੌਰਾਨ ਐਨ.ਆਈ.ਸੀ. ਪੰਜਾਬ ਦੇ ਐਸ.ਆਈ.ਓ. ਵਿਵੇਕ ਵਰਮਾ ਅਤੇ ਹੋਰ ਅਧਿਕਾਰੀਆਂ ਨੇ ਨੋਡਲ ਅਫ਼ਸਰਾਂ ਨੂੰ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਦੇ ਵੱਖ-ਵੱਖ ਮਾਡਿਊਲਾਂ ਦੀ ਟ੍ਰੇਨਿੰਗ ਦਿੱਤੀ। ਨੋਡਲ ਅਧਿਕਾਰੀਆਂ ਨੂੰ ਵਿਧਾਨ ਸਭਾ ਸਕੱਤਰੇਤ ਵੱਲੋਂ ਭੇਜੇ ਜਾਣ ਵਾਲੇ ਨੋਟਿਸਾਂ ਦੇ ਜਵਾਬ ਲਈ ਵਰਤੀ ਜਾਣ ਵਾਲੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਸਮੇਂ ਵਿਧਾਨ ਸਭਾ ਅਤੇ ਐਨ.ਆਈ.ਸੀ. ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Scroll to Top