ਚੰਡੀਗੜ੍ਹ, 31 ਅਗਸਤ 2023: ਕਾਂਗਰਸ ਦੇ ਸੰਸਦ ਮੈਂਬਰ ਸੋਨੀਆ ਗਾਂਧੀ (Rahul Gandhi) ਅਤੇ ਰਾਹੁਲ ਗਾਂਧੀ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁੰਬਈ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਮੁੰਬਈ ਹਵਾਈ ਅੱਡੇ ਦੇ ਬਾਹਰ ਕਾਂਗਰਸੀ ਸਮਰਥਕ ਇਕੱਠੇ ਹੋਏ। ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਅਡਾਨੀ ਮੁੱਦੇ ‘ਤੇ ਗੱਲ ਕੀਤੀ ਅਤੇ ਕੰਪਨੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਫਿਲਹਾਲ ਜੀ-20 ਦਾ ਮਾਹੌਲ ਹੈ। ਭਾਰਤ ਲਈ ਇਹ ਜ਼ਰੂਰੀ ਹੈ ਕਿ ਇਸ ਦੇ ਆਰਥਿਕ ਮਾਹੌਲ ਅਤੇ ਕਾਰੋਬਾਰੀ ਖੇਤਰ ਵਿੱਚ ਸਾਰਿਆਂ ਲਈ ਬਰਾਬਰ ਮੌਕੇ ਅਤੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਅੱਜ ਦੀਆਂ ਅਖਬਾਰਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਪੁੱਛਿਆ ਗਿਆ ਹੈ। ਗੌਤਮ ਅਡਾਨੀ ਬਾਰੇ ਦੁਨੀਆ ਦੇ ਅਖਬਾਰਾਂ ‘ਦਿ ਗਾਰਡੀਅਨ’ ਅਤੇ ‘ਫਾਈਨੈਂਸ਼ੀਅਲ ਟਾਈਮਜ਼’ ‘ਚ ਖਬਰ ਹੈ ਕਿ ਅਡਾਨੀ ਪਰਿਵਾਰ ਨਾਲ ਸਬੰਧਤ ਇਕ ਵਿਅਕਤੀ ਨੇ ਵਿਦੇਸ਼ੀ ਫੰਡਾਂ ਰਾਹੀਂ ਆਪਣੇ ਹੀ ਸਟਾਕ ‘ਚ ਨਿਵੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਇੱਕ ਅਰਬ ਡਾਲਰ ਦਾ ਪੈਸਾ ਅਡਾਨੀ ਦੀਆਂ ਕੰਪਨੀਆਂ ਦੇ ਨੈੱਟਵਰਕ ਰਾਹੀਂ ਭਾਰਤ ਤੋਂ ਬਾਹਰ ਗਿਆ ਅਤੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਕੇ ਵਾਪਸ ਆ ਗਿਆ। ਇਸ ਕਾਰਨ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਵਧੀ ਹੈ। ਇਸ ਪੈਸੇ ਦੀ ਵਰਤੋਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਵਰਗੀਆਂ ਭਾਰਤੀ ਜਾਇਦਾਦਾਂ ਨੂੰ ਹਾਸਲ ਕਰਨ ਲਈ ਕੀਤੀ ਗਈ।
ਉਨ੍ਹਾਂ (Rahul Gandhi) ਕਿਹਾ ਕਿ ਭਾਰਤ ਦਾ ਅਕਸ ਦਾਅ ‘ਤੇ ਹੈ। ਇਸ ਸਬੰਧੀ ਇੱਕ ਸਾਂਝੀ ਸੰਸਦੀ ਕਮੇਟੀ ਦੇ ਗਠਨ ਅਤੇ ਇਸ ਸਬੰਧੀ ਪੂਰੀ ਜਾਂਚ ਦੀ ਲੋੜ ਹੈ। ਜੀ-20 ਦੇ ਮਹਿਮਾਨ ਇੱਥੇ ਆ ਰਹੇ ਹਨ ਅਤੇ ਇੱਥੇ ਆ ਕੇ ਉਹ ਪੁੱਛ ਸਕਦੇ ਹਨ ਕਿ ਇਹ ਕਿਹੜੀ ਖਾਸ ਕੰਪਨੀ ਹੈ ਜਿਸ ਨੂੰ ਪ੍ਰਧਾਨ ਮੰਤਰੀ ਦੇ ਕਰੀਬੀ ਲੋਕ ਚਲਾ ਰਹੇ ਹਨ।
ਜਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.) ਦੀ ਤੀਜੀ ਮੀਟਿੰਗ ਅੱਜ ਤੋਂ ਮੁੰਬਈ ਵਿੱਚ ਸ਼ੁਰੂ ਹੋ ਰਹੀ ਹੈ। ਇਹ ਮੀਟਿੰਗ ਦੋ ਦਿਨ (31 ਅਗਸਤ-1 ਸਤੰਬਰ) ਤੱਕ ਚੱਲੇਗੀ। ਸ਼ਰਦ ਪਵਾਰ ਨੇ ਦੱਸਿਆ ਕਿ ਮੀਟਿੰਗ ਵਿੱਚ 28 ਪਾਰਟੀਆਂ ਦੇ ਕਰੀਬ 63 ਆਗੂ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਇਹ ਤੈਅ ਕੀਤਾ ਜਾਣਾ ਹੈ ਕਿ ਕਿਹੜੀ ਪਾਰਟੀ, ਕਿੱਥੋਂ, ਕਿੰਨੀਆਂ ਸੀਟਾਂ ‘ਤੇ ਚੋਣ ਲੜੇਗੀ (ਸੀਟਾਂ ਦੀ ਵੰਡ)। ਗਠਜੋੜ ਵਿੱਚ ਸ਼ਾਮਲ ਪਾਰਟੀਆਂ ਕਈ ਸੂਬਿਆਂ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ। ਇਸ ਤੋਂ ਪਹਿਲਾਂ ਕਾਂਗਰਸ ਆਗੂ ਪੀ ਐਲ ਪੂਨੀਆ ਨੇ ਕਿਹਾ ਸੀ- ਲੋਕ ਸਭਾ ਚੋਣਾਂ I.N.D.I.A. ਗਠਜੋੜ ਦੀ ਜਿੱਤ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਂ ਤੈਅ ਹੋਵੇਗਾ। ਸਿਰਫ਼ ਚੁਣੇ ਹੋਏ ਸੰਸਦ ਮੈਂਬਰ ਹੀ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ।