July 2, 2024 9:08 pm
Hathers gangrape case

ਹਾਥਰਸ ਗੈਂਗਰੇਪ ਮਾਮਲੇ ‘ਚ ਇੱਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ, ਤਿੰਨ ਮੁਲਜਮਾਂ ਨੂੰ ਕੀਤਾ ਬਰੀ

ਚੰਡੀਗੜ੍ਹ, 02 ਮਾਰਚ 2023: ਹਾਥਰਸ ਗੈਂਗਰੇਪ ਮਾਮਲੇ (Hathers gangrape case) ‘ਚ SC-ST ਅਦਾਲਤ ਨੇ ਢਾਈ ਸਾਲ ਬਾਅਦ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ 4 ਦੋਸ਼ੀਆਂ ‘ਚੋਂ ਸਿਰਫ ਇਕ ਸੰਦੀਪ ਸਿਸੋਦੀਆ ਨੂੰ ਦੋਸ਼ੀ ਪਾਇਆ ਹੈ। ਜਦਕਿ 3 ਮੁਲਜਮਾਂ ਲਵਕੁਸ਼, ਰਾਮੂ ਉਰਫ ਰਾਮਕੁਮਾਰ ਅਤੇ ਰਵੀ ਉਰਫ ਰਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਸੰਦੀਪ ਨੂੰ ਦੋਸ਼ੀ ਕਤਲ (ਧਾਰਾ 304) ਅਤੇ ਐਸਸੀ/ਐਸਟੀ ਐਕਟ ਦਾ ਦੋਸ਼ੀ ਠਹਿਰਾਇਆ। ਸੰਦੀਪ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

4 ਦੋਸ਼ੀਆਂ ‘ਚੋਂ ਕਿਸੇ ‘ਤੇ ਵੀ ਗੈਂਗਰੇਪ (Hathers gangrape case) ਦਾ ਦੋਸ਼ ਸਾਬਤ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪੀੜਤ ਧਿਰ ਦੇ ਵਕੀਲ ਨੇ ਕਿਹਾ, ”ਉਹ ਅਦਾਲਤ ਦੇ ਫੈਸਲੇ ਦੇ ਖ਼ਿਲਾਫ਼ ਹਾਈਕੋਰਟ ਜਾਣਗੇ।” ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਚਾਰਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਫੈਸਲੇ ਦੇ ਮੱਦੇਨਜ਼ਰ ਅਦਾਲਤ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਸੀ।

ਇਹ ਮਾਮਲਾ ਹਾਥਰਸ ਦੇ ਇਲਾਕੇ ਦੇ ਇੱਕ ਪਿੰਡ ਦਾ ਹੈ। 14 ਸਤੰਬਰ 2020 ਨੂੰ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਇਲਜ਼ਾਮ ਪਿੰਡ ਦੇ ਹੀ ਚਾਰ ਨੌਜਵਾਨਾਂ ‘ਤੇ ਲਗਾਇਆ ਗਿਆ ਸੀ। ਪੀੜਤਾ ਦੀ ਜ਼ੁਬਾਨ ਬੇਰਹਿਮੀ ਨਾਲ ਕੱਟ ਦਿੱਤੀ ਗਈ। ਲੜਕੀ ਦੇ ਭਰਾ ਨੇ ਪਿੰਡ ਦੇ ਹੀ ਸੰਦੀਪ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਬਾਅਦ ‘ਚ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ 26 ਸਤੰਬਰ ਨੂੰ ਤਿੰਨ ਹੋਰਾਂ ਲਵਕੁਸ਼ ਸਿੰਘ, ਰਾਮੂ ਅਤੇ ਰਵੀ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ। ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਲੜਕੀ ਨੂੰ ਗੰਭੀਰ ਹਾਲਤ ‘ਚ ਬਾਗਲਾ ਜ਼ਿਲਾ ਸੰਯੁਕਤ ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਐਨ ਮੈਡੀਕਲ ਕਾਲਜ ਅਲੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਨੂੰ 28 ਸਤੰਬਰ 2020 ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ 29 ਸਤੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਲਾਸ਼ ਨੂੰ ਹਥਰਸ ਲਿਆਂਦਾ ਗਿਆ ਤਾਂ ਪੁਲਿਸ ਨੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਉਸੇ ਰਾਤ ਲਾਸ਼ ਦਾ ਸਸਕਾਰ ਕਰ ਦਿੱਤਾ।

ਜਦੋਂ ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਤਾਂ ਹਰ ਪਾਸੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਮਾਮਲਾ ਵਧਦੇ ਹੀ ਸੂਬਾ ਸਰਕਾਰ ਨੇ ਐਸਪੀ ਅਤੇ ਸੀਓ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ 11 ਅਕਤੂਬਰ ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।

ਸੀਬੀਆਈ ਨੇ ਸੂਬਾ ਸਰਕਾਰ ਦੀ ਸਿਫ਼ਾਰਸ਼ ਤੋਂ ਬਾਅਦ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 104 ਲੋਕਾਂ ਨੂੰ ਗਵਾਹ ਬਣਾਇਆ ਸੀ। ਇਨ੍ਹਾਂ ਵਿੱਚੋਂ 35 ਲੋਕਾਂ ਦੀ ਗਵਾਹੀ ਹੋਈ। 67 ਦਿਨਾਂ ਦੀ ਜਾਂਚ ਤੋਂ ਬਾਅਦ, ਸੀਬੀਆਈ ਨੇ 18 ਦਸੰਬਰ 2020 ਨੂੰ ਅਦਾਲਤ ਵਿੱਚ ਚਾਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ ।