ਵਿਸ਼ਵ ਸੈਰ-ਸਪਾਟਾ ਦਿਵਸ

ਵਿਸ਼ਵ ਸੈਰ-ਸਪਾਟਾ ਦਿਵਸ ‘ਤੇ ਪੰਜਾਬ ਵੱਲੋਂ ਸੂਬੇ ਦੇ ਸੱਭਿਆਚਾਰ, ਵਿਰਾਸਤ ਤੇ ਪ੍ਰਾਹੁਣਚਾਰੀ ਨੂੰ ਮਾਨਣ ਦਾ ਸੱਦਾ

ਚੰਡੀਗੜ੍ਹ, 26 ਸਤੰਬਰ 2025: ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਲ 2024 ਦੌਰਾਨ ਸੈਰ-ਸਪਾਟਾ ਵਿਭਾਗ ਵੱਲੋਂ ਮਾਘੀ ਮੇਲਾ, ਬਸੰਤ ਤਿਉਹਾਰ, ਕਪੂਰਥਲਾ ਹੈਰੀਟੇਜ ਫੈਸਟੀਵਲ, ਕਿਲਾ ਰਾਏਪੁਰ ਪੇਂਡੂ ਓਲੰਪਿਕ, ਨੇਚਰ ਫੈਸਟੀਵਲ, ਬਠਿੰਡਾ ਵਿਰਾਸਤੀ ਮੇਲਾ, ਪਟਿਆਲਾ ਹੈਰੀਟੇਜ ਫੈਸਟੀਵਲ, ਹੋਲਾ ਮੁਹੱਲਾ ਅਤੇ ਨਿਹੰਗ ਓਲੰਪਿਕ ਸਮੇਤ ਕਈ ਪ੍ਰਮੁੱਖ ਸੱਭਿਆਚਾਰਕ ਮੇਲੇ ਅਤੇ ਤਿਉਹਾਰ ਕਰਵਾਏ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੇ ਪੰਜਾਬ ਦੇ ਅਮੀਰ ਰੀਤੀ ਰਿਵਾਜ਼ ਨੂੰ ਪ੍ਰਦਰਸ਼ਿਤ ਕੀਤਾ, ਇਸਦੇ ਨਾਲ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ 2025 ‘ਚ ਵੀ ਸਾਡੇ ਤਿਉਹਾਰ ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਹਨ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਫਿਰੋਜ਼ਪੁਰ ‘ਚ ਬਸੰਤ ਮੇਲਾ, ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ, ਪਟਿਆਲਾ ਹੈਰੀਟੇਜ ਫੈਸਟੀਵਲ, ਸ਼ਹੀਦ ਭਗਤ ਸਿੰਘ ਨਗਰ ਵਿੱਚ ਇਨਕਲਾਬ ਫੈਸਟੀਵਲ ਅਤੇ ਕਈ ਹੋਰ ਸਮਾਗਮਾਂ ਨਾਲ ਹੋਈ।

ਉਨ੍ਹਾਂ ਕਿਹਾ ਕਿ ਪੰਜਾਬ, ਨਵੰਬਰ 2025 ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਬਲੀਦਾਨ ਅਤੇ ਸੰਦੇਸ਼ ਨੂੰ ਅੱਗੇ ਫੈਲਾਉਣ ਲਈ ਕਈ ਸਮਾਗਮਾਂ ਦੀ ਲੜੀ ਮਨਾਉਣ ਜਾ ਰਿਹਾ ਹੈ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਨੂੰ ਇਸ ਇਤਿਹਾਸਕ ਯਾਦਗਾਰ ਦੀ ਯੋਜਨਾਬੰਦੀ ਅਤੇ ਪ੍ਰਬੰਧਨ ਲਈ ਨੋਡਲ ਵਿਭਾਗ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ।

ਤਰੁਨਪ੍ਰੀਤ ਸੌਂਦ ਨੇ ਕਿਹਾ ਕਿ “ਪੰਜਾਬ ਸੰਤਾਂ, ਸ਼ਹੀਦਾਂ ਅਤੇ ਕਵੀਆਂ ਦੀ ਧਰਤੀ ਹੈ। ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਅਸੀਂ ਦੁਨੀਆ ਨੂੰ ਸਾਡੀ ਸੱਭਿਆਚਾਰਕ ਅਮੀਰੀ, ਵਿਰਾਸਤ ਅਤੇ ਪ੍ਰਾਹੁਣਚਾਰੀ ਨੂੰ ਅਨੁਭਵ ਕਰਨ ਲਈ ਸੱਦਾ ਦਿੰਦੇ ਹਾਂ,”।

Read More: CM ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਕਸਬਿਆਂ ਤੇ ਸ਼ਹਿਰਾਂ ‘ਚ ਚੱਲ ਰਹੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

Scroll to Top