ਗੁਰਬਾਣੀ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਨੇ ਪੀਟੀਸੀ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਕੀਤੀ ਅਪੀਲ

ਅੰਮ੍ਰਿਤਸਰ, 21 ਜੁਲਾਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਆਦੇਸ਼ ਅਨੁਸਾਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਆਪਣਾ ਸੈਟੇਲਾਈਟ ਚੈਨਲ ਸਥਾਪਤ ਹੋਣ ਤੱਕ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਕ ਬਿਆਨ ਵਿਚ ਕਿਹਾ ਕਿ 23 ਜੁਲਾਈ ਨੂੰ ਪੀਟੀਸੀ ਚੈਨਲ ਦਾ ਇਕਰਾਰਨਾਮਾ ਖ਼ਤਮ ਹੋ ਰਿਹਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ/ਵੈੱਬ ਚੈਨਲ ’ਤੇ 24 ਜੁਲਾਈ ਤੋਂ ਗੁਰਬਾਣੀ ਪ੍ਰਸਾਰਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ, ਪਰੰਤੂ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਕੀਤੀ ਜਾ ਰਹੀ ਮੰਗ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸਥਾਪਤ ਕਰਨ ਤੱਕ ਕਿਸੇ ਚੈਨਲ ਰਾਹੀਂ ਪ੍ਰਸਾਰਣ ਸੇਵਾ ਜਾਰੀ ਰੱਖਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਦੇ ਇਸ ਆਦੇਸ਼ ਅਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਾਇ ਮਸ਼ਵਰਾ ਕਰਕੇ ਫਿਲਹਾਲ ਪੀਟੀਸੀ ਨੂੰ ਪ੍ਰਸਾਰਣ ਸੇਵਾ ਜਾਰੀ ਰੱਖਣ ਲਈ ਕਿਹਾ ਹੈ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਵੈੱਬ ਚੈਨਲ ਦੇ ਨਾਲ-ਨਾਲ ਸੈਟੇਲਾਈਟ ਚੈਨਲ ਜਲਦ ਸਥਾਪਤ ਕਰਨ ਲਈ ਵੀ ਉਚੇਚੇ ਯਤਨ ਕਰ ਰਹੀ ਹੈ। ਇਸ ਨੂੰ ਲੈ ਕੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਸਮਾਂ ਦੇਣ ਲਈ ਆਖਿਆ ਗਿਆ ਹੈ, ਤਾਂ ਜੋ ਲੋੜੀਂਦੀ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 24 ਜੁਲਾਈ ਨੂੰ ਯੂਟਿਊਬ/ਵੈੱਬ ਚੈਨਲ ਰਾਹੀਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰੇਗੀ, ਜਿਸ ਸਬੰਧ ਵਿਚ 23 ਜੁਲਾਈ ਨੂੰ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਸਮਾਗਮ ਸਮੇਂ ਹਾਜ਼ਰੀ ਭਰਨ ਵਾਸਤੇ ਪੰਥਕ ਜਥੇਬੰਦੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ ਮੌਜੂਦ ਸਨ।

Scroll to Top