ਸ੍ਰੀ ਮੁਕਤਸਰ ਸਾਹਿਬ 14 ਮਾਰਚ 2024: ਕਾਂਗਰਸ ਨੇ ਵੀਰਵਾਰ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਨਾਲੋ-ਨਾਲ ਕਰਵਾਉਣ ਦੀ ਉੱਚ ਪੱਧਰੀ ਕਮੇਟੀ ਦੀ ਸਿਫ਼ਾਰਸ਼ ਨੂੰ ਲੈ ਕੇ ਸਰਕਾਰ ‘ਤੇ ਸ਼ਬਦੀ ਕੀਤਾ ਹੈ । ਕਾਂਗਰਸ ਨੇ ਦੋਸ਼ ਲਗਾਇਆ ਕਿ ਉਹ ‘ਇਕ ਰਾਸ਼ਟਰ, ਇਕ ਚੋਣ’ (One Nation One Election) ਨਾਲ ਸੰਵਿਧਾਨ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ਕੇਂਦਰ ਸਰਕਾਰ ਦਾ ਉਦੇਸ਼ ਬਹੁਤ ਸਪੱਸ਼ਟ ਹੈ। ਉਹ ਸਪੱਸ਼ਟ ਬਹੁਮਤ, ਦੋ ਤਿਹਾਈ ਬਹੁਮਤ ਅਤੇ 400 ਸੀਟਾਂ ਦੀ ਮੰਗ ਕਰ ਰਹੇ ਹਨ। ਉਹ ‘ਇਕ ਰਾਸ਼ਟਰ, ਇਕ ਚੋਣ’ ਦੇ ਮਕਸਦ ਨਾਲ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹਨ ।
ਦੂਜੇ ਪਾਸੇ ਕਮੇਟੀ ਨੇ ਆਪਣੀ (One Nation One Election) ਰਿਪੋਰਟ ਵਿੱਚ ਕਿਹਾ ਹੈ ਕਿ ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਵਿਕਾਸ ਪ੍ਰਕਿਰਿਆ ਅਤੇ ਸਮਾਜਿਕ ਏਕਤਾ ਨੂੰ ਬੜ੍ਹਾਵਾ ਮਿਲੇਗਾ, ਲੋਕਤੰਤਰੀ ਪਰੰਪਰਾ ਦੀ ਨੀਂਹ ਡੂੰਘੀ ਹੋਵੇਗੀ । ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਭਾਰਤੀ ਚੋਣ ਕਮਿਸ਼ਨ ਰਾਜ ਚੋਣ ਅਥਾਰਟੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਵੋਟਰ ਸੂਚੀ ਅਤੇ ਵੋਟਰ ਪਛਾਣ ਪੱਤਰ ਤਿਆਰ ਕਰੇ।
ਇਸ ਕਮੇਟੀ ਨੇ ਕਈ ਸੰਵਿਧਾਨਕ ਸੋਧਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸੂਬਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਵਰਤਮਾਨ ਵਿੱਚ, ਭਾਰਤੀ ਚੋਣ ਕਮਿਸ਼ਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਜ਼ਿੰਮੇਵਾਰ ਹੈ, ਜਦੋਂ ਕਿ ਮਿਉਂਸਪਲ ਸੰਸਥਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਰਾਜ ਚੋਣ ਕਮਿਸ਼ਨਾਂ ਦੁਆਰਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਇਸ ਦਾ ਉਦੇਸ਼ ਪੈਸੇ ਅਤੇ ਹੋਰ ਸਾਧਨਾਂ ਨੂੰ ਬਚਾਉਣਾ ਹੈ।