July 5, 2024 1:22 am
World AIDS Day

ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਬਣਾਏ ਤੇ ਨਾਟਕ ਖੇਡਿਆ

ਖਰੜ/ਐਸਏਐਸ ਨਗਰ, 2 ਦਸੰਬਰ, 2023: ਸਿਵਲ ਸਰਜਨ ਡਾ. ਮਹੇਸ਼ ਆਹੂਜਾ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਵਿਸ਼ਵ ਏਡਜ਼ ਦਿਵਸ (World AIDS Day) ਮਨਾਇਆ ਗਿਆ। ਸਰਸਵਤੀ ਕਾਲਜ ਆਫ ਹੈਲਥ ਸਾੲਇੰਸ ਘੜੂੰਆਂ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਬਣਾਏ ਅਤੇ ਨਾਟਕ ਖੇਡਿਆ।

ਐਸਐਮਓ ਡਾ. ਸੁਰਿੰਦਰਪਾਲ ਕੌਰ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਦਾ ਉਦੇਸ਼ ਲੋਕਾਂ ਵਿਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਵਿਸ਼ਵ ਏਡਜ਼ ਦਿਵਸ 2023 (World AIDS Day) ਦਾ ਥੀਮ ‘ਲੈਟਸ ਕਮਿਊਨਿਟੀ ਲੀਡਜ਼’ ਹੈ। ਏਡਜ਼ ਹਿਊਮਨ ਇਮਿਊਨੋ ਵਾਇਰਸ ਦੇ ਸੰਕ੍ਰਮਣ ਕਾਰਨ ਹੋਣ ਵਾਲੀ ਜਿਨਸੀ ਤੌਰ ਉਤੇ ਫੈਲਣ ਵਾਲੀ ਬੀਮਾਰੀ ਹੈ, ਜੋ ਵ੍ਹਾਈਟ ਬਲੱਡ ਸੈੱਲਸ ਨੂੰ ਕਿਰਿਆਹੀਨ ਕਰਨ ਦੇ ਬਾਅਦ ਵਿਅਕਤੀ ਦੀ ਵਾਇਰਸ ਅਤੇ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਖ਼ਤਮ ਕਰ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਐੱਚਆਈਵੀ ਵਾਇਰਸ ਨਾਲ ਦੂਸ਼ਿਤ ਖ਼ੂਨ ਚੜ੍ਹਾਉਣ, ਐੱਚਆਈਵੀ ਦੇ ਮਰੀਜ਼ ਵੱਲੋਂ ਵਰਤੀਆਂ ਸਰਿੰਜਾਂ-ਸੂਈਆਂ, ਐੱਚਆਈਵੀ ਪਾਜ਼ੇਟਿਵ ਮਾਂ ਤੋਂ ਹੋਣ ਵਾਲੇ ਬੱਚੇ, ਗਰਭ ਦੌਰਾਨ ਜਾਂ ਦੁੱਧ ਪਿਲਾਉਣ ਤੇ ਐਚਆਈਵੀ ਪਾਜ਼ੇਟਿਵ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧਾਂ ਨਾਲ ਫੈਲਦੀ ਹੈ।

ਜੇ ਨੱਕ ਜਾਂ ਕੰਨ ਵਿੰਨ੍ਹਣ ਵਾਲੇ ਸਾਮਾਨ ਨੂੰ ਇਕ ਵਾਰ ਵਰਤਣ ਤੋਂ ਬਾਅਦ ਗਰਮ ਪਾਣੀ ਵਿਚ ਉਬਾਲ ਕੇ ਜਾਂ ਹੋਰ ਤਰੀਕੇ ਨਾਲ ਅਤੇ ਟੈਟੂ ਬਣਾਉਣ ਵਾਲੀ ਮਸ਼ੀਨ ਨੂੰ ਜ਼ਰਮ-ਰਹਿਤ ਨਾ ਕੀਤਾ ਜਾਵੇ ਤਾਂ ਇਨ੍ਹਾਂ ਨਾਲ ਵੀ ਐੱਚਆਈਵੀ ਹੋਣ ਦਾ ਖ਼ਤਰਾ ਹੁੰਦਾ ਹੈ। ਐਚਆਈਵੀ ਵਾਇਰਸ ਤੋਂ ਪੀੜਤ ਮਰੀਜ਼ ਨੂੰ ਰੋਜ਼ਾਨਾ ਮਿਲਣ, ਹੱਥ ਮਿਲਾਉਣ ਜਾਂ ਗਲੇ ਮਿਲਣ, ਇਕੱਠਿਆਂ ਰੋਟੀ ਖਾਣ, ਖੇਡਣ, ਛਿੱਕਾਂ ਜਾਂ ਖਾਂਸੀ ਨਾਲ ਇਹ ਇਨਫੈਕਸ਼ਨ ਨਹੀਂ ਫੈਲਦਾ। ਇਸ ਲਈ ਐੱਚਆਈਵੀ ਪਾਜ਼ੇਟਿਵ ਮਰੀਜ਼ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਇਸ ਮੌਕੇ ਡਾ. ਪਰਮਿੰਦਰ ਭੱਟੀ, ਡਾ. ਮਨਮੀਤ ਕੌਰ, ਡਾ. ਹਰਦੀਪ ਕੌਰ ਅਤੇ ਕਾਲਜ ਦਾ ਸਟਾਫ ਵੀ ਮੌਜੂਦ ਸਨ।