ਤਲਵੰਡੀ ਸਾਬੋ, 30 ਸਤੰਬਰ 2023: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਧਾਰਮਿਕ ਮਹਾਵਿਦਿਆਲਿਆ ਬੁੰਗਾ ਮਸਤੂਆਣਾ ਦਮਦਮਾ ਸਾਹਿਬ ਨੂੰ ਵਿਸ਼ਾਲ ਨਗਰ ਕੀਰਤਨ ਅੱਜ ਰਵਾਨਾ ਹੋਇਆ । ਇਹ ਨਗਰ ਕੀਰਤਨ ਸੰਤ ਅਤਰ ਸਿੰਘ ਜੀ ਦੁਆਰਾ ਸਥਾਪਿਤ ਲੰਗਰ ਬੁੰਗਾ ਮਸਤੂਆਣਾ ਦੀ 100-ਸਾਲਾ ਸਥਾਪਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾ ਰਿਹਾ ਹੈ |
ਇਹ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਰਵਾਨਾ ਹੋ ਕੇ ਵੱਖ-ਵੱਖ ਪੜਾਅ ਤੋਂ ਹੁੰਦਾ ਹੋਇਆ ਪਿੰਡ ਬੀਰ, ਢੈਪਈ, ਭੀਖੀ, ਮਾਨਸਾ ਕੈਂਚੀਆਂ, ਮਾਨਸਾ ਤਿੰਨ ਕੋਣੀ, ਜਵਾਹਰਕੇ ਕੈਂਚੀਆਂ ਰਾਮ ਦਿੱਤੇਵਾਲਾ, ਮੂਸਾ, ਤਲਵੰਡੀ ਅਕਲੀਆ, ਬਹਿਣੀਵਾਲ ਬਣਾਂਵਾਲੀ ਅਤੇ ਜਗਾ ਰਾਮ ਤੀਰਥ ਹੁੰਦਾ ਹੋਇਆ ਤਲਵੰਡੀ ਸਾਬੋ ਪਹੁੰਚਿਆ। ਇਲਾਕੇ ਦੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਇਸ ਨਗਰ ਕੀਰਤਨ ਦੇ ਸਵਾਗਤ ਲਈ ਸੜਕਾਂ ਅਤੇ ਰਸਤੇ ਬਹੁਤ ਸੁਚੱਜੇ ਢੰਗ ਨਾਲ ਸਾਫ ਕੀਤੇ ਗਏ ਅਤੇ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਦੇ ਪ੍ਰਬੰਧ ਕੀਤੇ ਗਏ।
ਇਸ ਨਗਰ ਕੀਰਤਨ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ 5000 ਤੋਂ ਵੱਧ ਸੰਗਤ ਇਕੱਠ ਦੇ ਰੂਪ ਵਿੱਚ ਸ਼ਾਮਲ ਹੋਈ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ 200 ਟਰੈਕਟਰ-ਟਰਾਲੀਆਂ, 100 ਗੱਡੀਆ, 100 ਮੋਟਰ ਸਾਈਕਲ, 50 ਸਾਇਕਲਾਂ ਅਤੇ ਪੈਦਲ ਯਾਤਰਾ ਰਾਹੀਂ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਅਸਥਾਨ ਚੀਮਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀ ਸਮੂਹ ਸੰਗਤ ਅਤੇ ਵੱਖ-ਵੱਖ ਪੜਾਅ ਤੇ ਵੱਖ-ਵੱਖ ਪਿੰਡਾਂ ਵੱਲੋ ਸੰਗਤ ਲਈ ਕੀਤੇ ਲੰਗਰ ਚਾਹ-ਬਿਸਕੁਟ, ਪ੍ਰਸਾਦਾ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।