July 7, 2024 7:57 am
Amit Shah

ਰਾਮ ਨੌਮੀ ਦੇ ਮੌਕੇ ਹਾਵੜਾ ਹਿੰਸਾ ਮਾਮਲੇ ਨੂੰ ਲੈ ਕੇ ਕਲਕੱਤਾ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ

ਚੰਡੀਗੜ੍ਹ, 31 ਮਾਰਚ 2023: ਪੱਛਮੀ ਬੰਗਾਲ ਵਿੱਚ ਹਾਵੜਾ (Howrah) ‘ਚ ਰਾਮ ਨੌਮੀ ਦੇ ਮੌਕੇ ‘ਤੇ ਭੜਕੀ ਹਿੰਸਾ ਦਾ ਕੇਂਦਰ ਸਰਕਾਰ ਨੇ ਨੋਟਿਸ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਇਸ ਸਬੰਧੀ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਪੱਛਮੀ ਬੰਗਾਲ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਲਈ ਹੈ । ਦੂਜੇ ਪਾਸੇ ਪੱਛਮੀ ਬੰਗਾਲ ਦੀ ਭਾਜਪਾ ਨੇ ਹਿੰਸਾ ਨੂੰ ਲੈ ਕੇ ਕਲਕੱਤਾ ਹਾਈਕੋਰਟ ਦਾ ਰੁਖ ਕੀਤਾ ਹੈ। ਸੂਬਾ ਭਾਜਪਾ ਨੇ ਹਾਈਕੋਰਟ ਤੋਂ ਹਿੰਸਾ ਦੀ ਜਾਂਚ ਐਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪ੍ਰਦੇਸ਼ ਭਾਜਪਾ ਇਕਾਈ ਦੇ ਪ੍ਰਧਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਸੀਵੀ ਬੋਸ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਲਈ।

ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕਲਕੱਤਾ ਹਾਈਕੋਰਟ ਵਿੱਚ ਹਾਵੜਾ ਅਤੇ ਡਾਲਖੋਲਾ ਵਿੱਚ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ ਐਨਆਈਏ ਜਾਂਚ ਅਤੇ ਅਜਿਹੇ ਖੇਤਰਾਂ ਵਿੱਚ ਕੇਂਦਰੀ ਬਲਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ ਹੈ। ਕਾਰਜਕਾਰੀ ਜਸਟਿਸ ਨੇ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਅਤੇ ਇਸ ਨੂੰ 3 ਅਪ੍ਰੈਲ ਨੂੰ ਸੂਚੀ ਦੇ ਸਿਖਰ ‘ਤੇ ਪ੍ਰਦਰਸ਼ਿਤ ਕਰਨ ਦਾ ਨਿਰਦੇਸ਼ ਦਿੱਤਾ।

ਅਨੁਰਾਗ ਠਾਕੁਰ ਨੇ ਸਵਾਲ ਪੁੱਛਿਆ

ਇਨ੍ਹਾਂ ਘਟਨਾਵਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਬੰਗਾਲ ‘ਚ ਚੋਣਾਂ ਦੌਰਾਨ ਜਾਂ ਉਸ ਤੋਂ ਬਾਅਦ ਹਜ਼ਾਰਾਂ ਲੋਕਾਂ ‘ਤੇ ਪੱਥਰਬਾਜ਼ੀ, ਅੱਗਜ਼ਨੀ, ਬੰਬ ਸੁੱਟਣਾ ਆਮ ਵਰਤਾਰਾ ਬਣ ਗਿਆ ਹੈ। ਮਮਤਾ ਬੈਨਰਜੀ ਦੇ ਰਾਜ ਦੌਰਾਨ ਜਿਸ ਤਰ੍ਹਾਂ ਪੱਤਰਕਾਰਾਂ ‘ਤੇ ਹਮਲੇ ਹੋਏ, ਰਾਮ ਨੌਮੀ ਦੇ ਜਲੂਸ ‘ਤੇ ਪੱਥਰਬਾਜ਼ੀ ਕੀਤੀ ਗਈ, ਉਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋਵੇਗੀ। ਪ੍ਰੈੱਸ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਅੱਜ ਚੁੱਪ ਕਿਉਂ ਹਨ? ਜ਼ਿਕਰਯੋਗ ਹੈ ਕਿ ਰਾਮ ਨੌਮੀ ਦੇ ਮੌਕੇ ‘ਤੇ ਸ਼ੋਭਾ ਯਾਤਰਾ ਦੌਰਾਨ ਪੱਛਮੀ ਬੰਗਾਲ ਦੇ ਹਾਵੜਾ (Howrah)  ‘ਚ ਹਿੰਸਾ ਭੜਕ ਗਈ ਸੀ। ਜਿਸ ਵਿੱਚ ਦੋ ਫਿਰਕੇ ਆਹਮੋ-ਸਾਹਮਣੇ ਆ ਗਏ ਅਤੇ ਭਾਰੀ ਪਥਰਾਅ ਅਤੇ ਅੱਗਜ਼ਨੀ ਹੋਈ।