June 28, 2024 5:50 am
SGPC

ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾ ਦਖਲ ਬਰਦਾਸ਼ਤ ਨਹੀਂ: ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ, 13 ਅਪ੍ਰੈਲ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅੰਦਰ ਬੇਲੋੜੇ ਦਖ਼ਲ ਬੰਦ ਕਰਨ ਅਤੇ ਆਪਣੇ ਜਾਬਤੇ ਅੰਦਰ ਰਹਿਣ ਨੂੰ ਕਿਹਾ ਹੈ।

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਖ਼ਾਲਸੇ ਦਾ ਸਾਜਨਾ ਦਿਵਸ ਕੌਮੀ ਰਵਾਇਤਾਂ ਅਨੁਸਾਰ ਮਨਾ ਰਹੀ ਹੈ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਗੁਰੂ ਘਰਾਂ ਅੰਦਰ ਬੇਲੋੜੀ ਦਖ਼ਲਅੰਦਾਜੀ ਨਾਲ ਸੰਗਤ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ’ਤੇ ਪੁਲਿਸ ਪ੍ਰਸਾਸ਼ਨ ਵੱਲੋਂ ਮਨਮਰਜ਼ੀ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ, ਜਿਸ ਬਾਰੇ ਸ਼੍ਰੋਮਣੀ ਕਮੇਟੀ ਪਾਸ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਬੇਹੱਦ ਮਾੜੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਣ ਅਤੇ ਸ਼ਰਧਾ ਭਰਪੂਰ ਹੋਣ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਰਵੀਂ ਗਿਣਤੀ ਵਿੱਚ ਸੰਗਤ ਪੁੱਜਦੀ ਹੈ ਪਰੰਤੂ ਪੁਲਿਸ ਦੀ ਬਿਨਾ ਵਜ੍ਹਾ ਤਾਇਨਾਤੀ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵਲੋਂ ਜਾਣਬੁੱਝ ਕੇ ਸਿੱਖ ਸੰਗਤ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨ ਅੰਦਰ ਪੁਲਿਸਕਰਮੀ ਪ੍ਰਬੰਧਕਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਚੱਲਣ ਲਈ ਦਬਾਅ ਪਾ ਰਹੇ ਹਨ। ਇਹ ਬਰਦਾਸ਼ਤ ਤੋਂ ਬਾਹਰ ਦੀ ਕਾਰਵਾਈ ਹੈ ਅਤੇ ਪੁਲਿਸ ਵੱਲੋਂ ਮਰਯਾਦਾ ਨੂੰ ਵੀ ਸਿੱਧੀ ਚੁਣੌਤੀ ਵਾਂਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਇਹ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਗੁਰੂ ਘਰਾਂ ਅੰਦਰ ਸਿਵਲ ਪਹਿਰਾਵੇ ਵਿੱਚ ਮੌਜੂਦ ਪੁਲਿਸ ਬੇਪਛਾਣ ਹੋ ਕੇ ਸੰਗਤ ਉੱਤੇ ਨਿਗਾਹ ਰੱਖਦਿਆਂ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਸੰਗਤ ਵੱਲੋਂ ਭਾਰੀ ਇਤਰਾਜ਼ ਜਤਾਏ ਜਾ ਰਹੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਲਈ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਸਿੱਧੀ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਤੋਂ ਉਹ ਬਰੀ ਨਹੀਂ ਹੋ ਸਕਦੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੁਰੰਤ ਗੁਰੂ ਘਰਾਂ ਤੋਂ ਪੁਲਿਸ ਨੂੰ ਬਾਹਰ ਕਰੇ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਵਲੋਂ ਪੈਦਾ ਕੀਤੇ ਜਾ ਰਹੇ ਭੈ ਨੂੰ ਨਕਾਰ ਕੇ ਗੁਰੂ ਘਰ ਸ਼ਰਧਾ ਪਰਗਟਾਉਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਜੇ ਕਿਤੇ ਸਰਕਾਰ ਜਾਂ ਪੁਲਿਸ ਪ੍ਰਸਾਸ਼ਨ ਸੰਗਤ ਨੂੰ ਤੰਗ-ਪਰੇਸ਼ਾਨ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਥਾਨਕ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਦਿੱਤੀ ਜਾਵੇ।