ਐੱਸ.ਏ.ਐੱਸ.ਨਗਰ 16 ਅਗਸਤ 2023: 77ਵੇਂ ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਸਨ। ਡਾ. ਆਹੂਜਾ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ। ਤਿਰੰਗਾ ਲਹਿਰਾਉਣ ਮਗਰੋਂ ਉਨ੍ਹਾਂ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪਧਰੀ ਆਜ਼ਾਦੀ ਦਿਵਸ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਇਕ ਡਾਕਟਰ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਤ ਕੀਤਾ ਹੈ। ਇਨ੍ਹਾਂ ਵਿਚ ਸੀ.ਐਚ.ਸੀ. ਕੁਰਾਲੀ ਦੇ ਐਸ.ਐਮ.ਓ. ਡਾ. ਰਾਜਿੰਦਰ ਭੂਸ਼ਣ, ਸਿਵਲ ਸਰਜਨ ਦਫ਼ਤਰ ਦੇ ਡਾਟਾ ਮੈਨੇਜਰ ਮੀਨਾਕਸ਼ੀ ਸੋਨੀ ਅਤੇ ਜ਼ਿਲ੍ਹਾ ਹਸਪਤਾਲ ਦੇ ਲੈਬ ਅਟੈਂਡੰਟ ਸੁਲਤਾਨ ਮੁਹੰਮਦ ਸ਼ਾਮਲ ਹਨ।
ਡਾ. ਆਹੂਜਾ ਨੇ ਕਿਹਾ ਕਿ ਸਿਹਤ ਵਿਭਾਗ, ਜ਼ਿਲ੍ਹਾ ਐਸ.ਏ.ਐਸ. ਨਗਰ ਲੋਕਾਂ ਦੀ ਭਲਾਈ ਲਈ ਵੱਖ-ਵੱਖ ਕੇਂਦਰੀ ਤੇ ਸੂਬਾਈ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੀ ਅਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਤੇ ਡਾ. ਵਿਜੇ ਭਗਤ ਸਮੇਤ ਕਈ ਡਾਕਟਰ ਮੌਜੂਦ ਸਨ।