June 30, 2024 10:37 am
Punjabi University

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ‘ਤੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਪੰਜਾਬੀ ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ਼

ਪਟਿਆਲਾ, 21 ਫ਼ਰਵਰੀ 2023: ਅੱਜ 21 ਫ਼ਰਵਰੀ 2023 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿੱਚ ਵਿਦਿਆਰਥੀਆਂ ਵੱਲੋਂ ਪੰਜ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ, ਪੀ.ਆਰ.ਐਸ.ਯੂ, ਏ.ਆਈ.ਐਸ.ਐਫ, ਐਸ.ਐਫ.ਆਈ, ਪੀ,ਐਸ.ਯੂ (ਲ) ਦੇ ਬਣੇ ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ ਕੀਤਾ ਗਿਆ।

ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਸੈਕੜੇਂ ਵਿਦਿਆਰਥੀਆਂ ਨੇ ਰੈਲੀ ਕੀਤੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਮਾਤ ਭਾਸ਼ਾ ਦੇ ਰਾਖੇ ਬਣਨ ਦੇ ਦਾਅਵੇ ਕਰ ਰਹੀ ਹੈ| ਪ੍ਰੰਤੂ ਦੂਜੇ ਪਾਸੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਤੇ ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲ਼ ਨਹੀਂ ਰਹੀ ਜੋ ਕਿ ਆਖਿਰੀ ਸਾਹਾਂ ‘ਤੇ ਸਹਿਕ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਯੂਨੀਵਰਸਿਟੀ 2,97,54,14,250/- ਕਰੋੜ ਦੇ ਵਿੱਤੀ ਘਾਟੇ ਵਿੱਚ ਹੈ। 150 ਕਰੋੜ ਦੇ ਕਰਜ਼ੇ ਸਮੇਤ ਯੂਨੀਵਰਸਿਟੀ  4,475, 414,250/- ਕਰੋੜ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਜਿਸ ਕਾਰਨ ਵਿਦਿਆਰਥੀਆਂ ਦੇ ਹੋਸਟਲ ਖਸਤਾ ਹਾਲਤ ਵਿੱਚ ਪੰਹੁਚ ਚੁੱਕੇ ਹਨ। ਨਵੇਂ ਹੋਸਟਲ ਦੀ ਉਸਾਰੀ ਅਤੇ ਪੁਰਾਣਿਆਂ ਦੀ ਮੁਰੰਮਤ ਲਈ ਵੀ ਪੈਸਾ ਨਹੀਂ ਹੈ।

ਯੂਨੀਵਰਸਿਟੀ ਦੇ ਪੰਜਾਬੀ (Punjabi University) ਵਿਭਾਗ ਵਿੱਚ ਪ੍ਰੋਫੈਸਰਾਂ, ਐਸੋਸੀਏਟ ਅਤੇ ਸਹਾਇਕ ਪ੍ਰੋਫੈਸਰਾਂ ਦੀਆਂ ਕੁੱਲ 15 ਅਸਾਮੀਆਂ ਸੈਕਸ਼ਨਡ ਹਨ ਜਿੰਨਾਂ ਵਿੱਚੋੰ 6 ਅਸਾਮੀਆਂ ਖਾਲੀ ਹਨ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਿੱਚ 8 ਸੈਕਸ਼ਨਡ ਅਸਾਮੀਆਂ ਵਿੱਚੋੰ 7 ਅਸਾਮੀਆਂ ਖਾਲੀ ਹਨ। ਇਸੇ ਤਰਾਂ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿੱਚ 10 ਸੈਕਸ਼ਨਡ ਅਸਾਮੀਆਂ ਵਿੱਚੋੰ 9 ਅਸਾਮੀਆਂ ਖਾਲੀ ਹਨ।

ਰਾਜਨੀਤੀ ਸ਼ਾਸਤਰ ਦੀਆਂ 10 ਸੈਕਸ਼ਨਡ ਅਸਾਮੀਆਂ ‘ਚ 8 ਅਸਾਮੀਆਂ ਖਾਲੀ ਹਨ। ਇਸ ਕਾਰਨ ਪੀ.ਐਚ.ਡੀ. ਦੀਆਂ ਸੀਟਾਂ ਵੀ ਖਤਮ ਹੋ ਰਹੀਆਂ ਹਨ। ਵਿਦਿਆਰਥੀਆਂ ਨੂੰ ਪੜਾਉਣ ਲਈ ਪੀ.ਐਚ ਡੀ ਖੋਜਾਰਥੀਆਂ ਨੂੰ ਲਗਾਇਆ ਜਾ ਰਿਹਾ ਹੈ। ਖੋਜ ਦੇ ਅਹਿਮ ਸੰਸਥਾਨ ਨਵੀਂ ਸਿੱਖਿਆ ਨੀਤੀ ਤਹਿਤ ਨਵੇੰ ਸ਼ੁਰੂ ਕੀਤੇ ਪੰਜ ਸਾਲਾ ਇੰਟੀਗ੍ਰੇਟਡ ਪ੍ਰੋਗਰਾਮ (FIYP) ਵੱਲ ਝੁਕਾਅ ਕਾਰਨ ਅੱਜ ਡਿਗਰੀ ਕਾਲਜ ਵਿੱਚ ਰੁਪਾਂਤਰਿਤ ਹੋ ਰਹੇ ਹਨ।

ਇਹਨਾਂ ਕੋਰਸਾਂ ਲਈ ਸੈਂਕੜੇ ਵਿਦਿਆਰਥੀਆਂ ਭਰਤੀ ਕੀਤੇ ਗਏ। ਪਰ ਅਧਿਆਪਕਾਂ, ਕਲਾਸ ਕਮਰਿਆਂ ਅਤੇ ਹੋਸਟਲਾਂ ਦਾ ਪ੍ਰਬੰਧ ਤੱਕ ਤੱਕ ਨਹੀਂ ਕੀਤਾ ਗਿਆ ਹੈ। ਉਹਨਾਂ ਦੀਆਂ ਕਲਾਸਾਂ ਸੱਭਿਆਚਾਰਕ ਅਤੇ ਹੋਰ ਅਕਾਦਮਿਕ ਪ੍ਰੋਗਰਾਮਾਂ ਕਰਵਾਉਣ ਲਈ ਬਣੇ ਆਡੀਟੋਰੀਅਮ ਵਿੱਚ ਲਗਾਈਆਂ ਜਾ ਰਹੀਆਂ ਹਨ। ਇੱਕ ਕਲਾਸ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੂੰ ਬਿਠਾਇਆ ਜਾਂਦਾ ਹੈ ਜਿਸ ਕਾਰਨ ਉਹਨਾਂ ਦੀ ਪੜਨ-ਪੜਾਉਣ ਦਾ ਕਾਰਜ ਬੁਰੀ ਤਰਾਂ ਨਿਘਾਰ ਵੱਲ ਹੈ।

ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਆਖ਼ਿਰ ਵਿੱਚ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕੇ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਦੀ ਕੁੱਲ ਵਿੱਤੀ ਜਿੰਮੇਂਵਾਰੀ ਚੁੱਕਦਿਆਂ ਪੂਰੀ ਗਰਾਂਟ ਜਾਰੀ ਕਰੇ ਅਤੇ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਮਾਅਫ ਕਰੇ। ਹੋਸਟਲਾਂ ਦੀ ਉਸਾਰੀ ਕੀਤੀ ਜਾਵੇ। ਨਵੇਂ ਅਧਿਆਪਕਾਂ ਦੀਆਂ ਪੱਕੇ ਤੌਰ ‘ਤੇ ਯੂਨੀਵਰਸਿਟੀ ਕੈਂਪਸ, ਰੀਜਨਲ ਕੇਂਦਰਾਂ ਅਤੇ ਕੰਸਟੀਚਐਂਟ ਕਾਲਜਾਂ ਵਿੱਚ ਤੁਰੰਤ ਭਰਤੀ ਕੀਤੀ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਅਮਨਦੀਪ ਸਿੰਘ ਖਿਉਵਾਲੀ, ਰਸ਼ਪਿੰਦਰ ਜਿੰਮੀ, ਅੰਮ੍ਰਿਤਪਾਲ, ਵਰਿੰਦਰ ਖੁਰਾਣਾ, ਗੁਰਪ੍ਰੀਤ, ਕਰਮਚਾਰੀਆਂ ਹਰਦਾਸ ਅਤੇ ਕੁਲਵਿੰਦਰ ਕਕਰਾਲਾ, ਸੁੱਖੀ ਅਤੇ ਅਤੇ ਅਧਿਆਪਕ ਆਗੂ ਵਜੋਂ ਪੂਟਾ ਦੇ ਜਨਰਲ ਸਕੱਤਰ ਡਾ. ਮਨਿੰਦਰ ਸਿੰਘ ਅਤੇ ਡਾ. ਰਾਜਦੀਪ ਵੱਲੋਂ ਸੰਬੋਧਿਤ ਕੀਤਾ ਗਿਆ।