ਚੰਡੀਗੜ, 21 ਜਨਵਰੀ 2023: ਬੀ.ਬੀ.ਸੀ. ਦੀ ਦਸਤਾਵੇਜ਼ੀ ਫ਼ਿਲਮ ‘ਇੰਡੀਆ- ਦਿ ਮੋਦੀ ਸਵਾਲ’ (India: The Modi Question) ਦੇ ਪਹਿਲੇ ਐਪੀਸੋਡ ਨੂੰ ਸਾਂਝਾ ਕਰਨ ਵਾਲੇ ਕਈ ਯੂ-ਟਿਊਬ ਵੀਡੀਓਜ਼ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਬਲੌਕ ਕਰ ਦਿੱਤਾ ਗਿਆ ਹੈਇਹ ਵੀਡੀਓ ਬੀਬੀਸੀ ਦੀ ਇੱਕ ਡਾਕੂਮੈਂਟਰੀ ਦੀ ਇੱਕ ਕਲਿੱਪ ਹੈ। ਦਰਅਸਲ ਬੀਬੀਸੀ ਨੇ ਇੰਡੀਆ: ਦਿ ਮੋਦੀ ਸਵਾਲ ਨਾਮ ਦੀ ਇੱਕ ਡਾਕੂਮੈਂਟਰੀ ਬਣਾਈ ਹੈ, ਜਿਸ ਦੇ ਪਹਿਲੇ ਐਪੀਸੋਡ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਖਬਰਾਂ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂਟਿਊਬ ਅਤੇ ਟਵਿਟਰ ਨੂੰ ਵੀਡੀਓ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ।
ਇਸ ਵੀਡੀਓ ਨੂੰ ਲੈ ਕੇ ਕਰੀਬ 50 ਟਵੀਟ ਕੀਤੇ ਗਏ ਹਨ, ਉਨ੍ਹਾਂ ਨੂੰ ਬਲਾਕ ਵੀ ਕਰ ਦਿੱਤਾ ਗਿਆ ਹੈ। ਇਹ ਹੁਕਮ ਆਈਟੀ ਨਿਯਮ 2021 ਦੀਆਂ ਐਮਰਜੈਂਸੀ ਸ਼ਕਤੀਆਂ ਤਹਿਤ ਦਿੱਤਾ ਗਿਆ ਹੈ। ਇਹ ਦਸਤਾਵੇਜ਼ੀ ਫਿਲਮ 2002 ਦੇ ਗੁਜਰਾਤ ਦੰਗਿਆਂ ‘ਤੇ ਆਧਾਰਿਤ ਹੈ। ਇਸ ਵਾਇਰਲ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪ੍ਰਾਪੇਗੰਡਾ ਦੱਸਿਆ ਗਿਆ ਹੈ।
ਇਸਦੇ ਨਾਲ ਹੀ ਸੇਵਾਮੁਕਤ ਜੱਜਾਂ, ਸੇਵਾਮੁਕਤ ਨੌਕਰਸ਼ਾਹਾਂ ਅਤੇ ਸੇਵਾਮੁਕਤ ਹਥਿਆਰਬੰਦ ਬਲਾਂ ਦੇ ਸਾਬਕਾ ਸੈਨਿਕਾਂ ਨੇ ਬੀਬੀਸੀ ਦਸਤਾਵੇਜ਼ੀ ਦਾ ਵਿਰੋਧ ਕਰਦੇ ਹੋਏ ਇੱਕ ਸਾਂਝੇ ਬਿਆਨ ‘ਤੇ ਦਸਤਖਤ ਕੀਤੇ ਹਨ । ਜਿਸ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਬਣੀ ਡਾਕੂਮੈਂਟਰੀ ਦਾ ਤਿੱਖਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਬਿਆਨ ‘ਚ ਕਿਹਾ ਕਿ ”ਅਸੀਂ ਹੁਣ ਤੱਕ ਜੋ ਦੇਖਿਆ ਹੈ, ਉਸ ਦੇ ਆਧਾਰ ‘ਤੇ ਬੀਬੀਸੀ ਸੀਰੀਜ਼ ਨਾ ਸਿਰਫ ਗੁੰਮਰਾਹਕੁੰਨ ਰਿਪੋਰਟਿੰਗ ‘ਤੇ ਆਧਾਰਿਤ ਹੈ, ਸਗੋਂ ਇਕ ਸੁਤੰਤਰ, ਲੋਕਤੰਤਰੀ ਰਾਸ਼ਟਰ ਵਜੋਂ ਭਾਰਤ ਦੀ ਹੋਂਦ ਦੇ 75 ਸਾਲ ਪੁਰਾਣੇ ਆਧਾਰ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ |
ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ‘ਤੇ ਬੀਬੀਸੀ ਦੀ ਡਾਕੂਮੈਂਟਰੀ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਕਿਸੇ ਪ੍ਰਚਾਰ ਦਾ ਹਿੱਸਾ ਜਾਪਦਾ ਹੈ। ਬਾਗਚੀ ਨੇ ਇਸ ਨੂੰ ਪੱਖਪਾਤੀ ਕਿਹਾ। ਭਾਰਤੀ ਅਤੇ ਬਰਤਾਨਵੀ ਸੰਸਥਾਵਾਂ ਨੇ ਵੀ ਬੀਬੀਸੀ ਦੇ ਪ੍ਰਬੰਧਕਾਂ ਅਤੇ ਸੰਪਾਦਕ ਨੂੰ ਪੱਤਰ ਲਿਖ ਕੇ ਇਸ ਦਸਤਾਵੇਜ਼ੀ ਫ਼ਿਲਮ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਬੀਸੀ ਜਾਣਬੁੱਝ ਕੇ ਭਾਰਤ ਅਤੇ ਬਰਤਾਨੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।