ਸ੍ਰੀ ਅਕਾਲ ਤਖ਼ਤ ਸਾਹਿਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਹਾੜੇ ‘ਤੇ ਵਿਸ਼ੇਸ…

ਹਰਪ੍ਰੀਤ ਸਿੰਘ ਕਾਹਲੋਂ
Sr. Executive Editor

The Unmute

ਸੱਚਾ ਤਖਤ ਸੁਹਾਯੋ ਸ੍ਰੀ ਗੁਰ ਪਾਇਕੈ ॥
ਛਬ ਬਰਨੀ ਨਹਿ ਜਾਇ ਕਹੋ ਕਿਆ ਗਾਇਕੈ॥
ਰਾਵਿ ਸਸਿ ਭਏ ਮਲੀਨ ਸੁ ਦਰਸ ਦਿਖਾਇਕੈ॥

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਦੁਆਲੇ ਸਾਰੀ ਥਾਂ ਖੁੱਲ੍ਹੀ ਚਰਾਂਦ ਸੀ।

ਇਮਲੀ ਦੇ ਰੁੱਖ ਕੋਲ ਮਿੱਟੀ ਦਾ ਇੱਕ ਕੁਦਰਤੀ ਚਬੂਤਰਾ ਬਣਿਆ ਹੋਇਆ ਸੀ। ਮਿੱਟੀ ਦੇ ਇਸ ਆਦਿ ਕਾਲ ਧੋੜੇ ਉੱਤੇ ਬਾਲ (ਗੁਰੂ) ਹਰਗੋਬਿੰਦ ਸਾਹਿਬ ਖੇਡਦੇ ਹੋਏ ਇਸ ਨੂੰ ਅਕਾਲ ਦਾ ਤਖ਼ਤ ਕਹਿੰਦੇ ਸਨ।

ਗੁਰੂ ਅਰਜਨ ਪਾਤਸ਼ਾਹ ਨੇ ਕੋਲ ਹੀ ਇੱਕ ਕੋਠਾ ਬਣਾਇਆ ‘ਤੇ ਆਸਣ ਕਰਨਾ ਸ਼ੁਰੂ ਕੀਤਾ। (ਜਿਸ ਨੂੰ ਸੰਗਤਾਂ ਕੋਠਾ ਸਾਹਿਬ ਕਹਿੰਦੀਆਂ ਹਨ ‘ਤੇ ਤਖ਼ਤ ਸਾਹਿਬ ਦੀ ਇਮਾਰਤ ਦੀ ਹੇਠਲੀ ਮੰਜਿਲ ‘ਚ ਮੌਜੂਦ ਹੈ।) ਇਸੇ ਦੌਰਾਨ ਮਿੱਟੀ ਦੇ ਉਸ ਚਬੂਤਰੇ ਨੂੰ ਪੱਕਾ ਕਰਕੇ ਥੜ੍ਹਾ ਬੰਨ ਦਿੱਤਾ। ਅਕਾਲ ਤਖਤ ਸਾਹਿਬ ਦੀ ਤਮੀਰ ਵਿੱਚ ਕਿਸੇ ਮਿਸਤਰੀ, ਮਜਦੂਰ ਦਾ ਹੱਥ ਨਹੀਂ ਲੱਗਾ। ਮੀਰੀ ਪੀਰੀ ਦੇ ਮਾਲਕ, ਸੱਚੇ ਪਾਤਿਸ਼ਾਹ ਨੇ ਤਖਤ ਦੀ ਉਸਾਰੀ ਆਪ ਕੀਤੀ।
ਗਵਾਹੀ ਹੈ :

ਕਿਸੀ ਰਾਜ ਨਾ ਹਾਥ ਲਗਾਯੋ।
ਬੁੱਢਾ ਉਰ ਗੁਰਦਾਸ ਬਨਾਇਓ।

ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ, ਭਾਈ ਗੁਰਦਾਸ ਜੀ ਮਸਾਲਾ ਤਿਆਰ ਕਰਦੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਉਸਾਰੀ ਜਾਂਦੇ।

ਇਸੇ ਤਖ਼ਤ ‘ਤੇ ਛੇਵੇਂ ਪਾਤਸ਼ਾਹ ਨੇ ਗੁਰਿਆਈ ਵਾਲੇ ਦਿਨ ਮੀਰੀ ਪੀਰੀ ਦਾ ਕੌਤਕ ਰਚਿਆ। ਉਸ ਦਿਨ ਹੀ ਇਸ ਚਬੂਤਰੇ ਦਾ ਨਾਮ ਅਕਾਲ ਤਖ਼ਤ ਹੋਇਆ ਕਿਉਂਕਿ ਇਹ ਤਹਿ ਹੋ ਚੁੱਕਾ ਸੀ ਕਿ ਇਸ ਤਖ਼ਤ ਨੇ ਸਦਾ ਰਹਿਣਾ ਹੈ ਤੇ ਦੁਨਿਆਵੀ ਝੂਠੇ ਤਖ਼ਤਾਂ ਨੇ ਸਮੇਂ ਕਾਲ ਦੇ ਚੱਕਰ ਨਾਲ ਫਨ੍ਹਾ ਹੋ ਜਾਣਾ ਹੈ।

ਭਾਈ ਗੁਰਦਾਸ ਹਰ ਰੋਜ ਅੰਮ੍ਰਿਤ ਵੇਲੇ ਸਰੋਵਰ ਦੇ ਜਲ਼ ਨਾਲ ਅਕਾਲ ਤਖਤ ਸਾਹਿਬ ਨੂੰ ਇਸ਼ਨਾਨ ਕਰਵਾਉਂਦੇ ਸਨ। ਅਬਦਾਲੀ ਵੱਲੋਂ ਦਰਬਾਰ ਸਾਹਿਬ ਦੀ ਇਮਾਰਤ ਢਾਹਕੇ ਸਰੋਵਰ ਪੂਰਨ ਪਿਛੋੰ 1765-66 ‘ਚ ਦਰਬਾਰ ਸਾਹਿਬ ਦੀ ਪੱਕੀ ਇਮਾਰਤ ਮੁੜ ਕਾਈਮ ਕੀਤੀ। ਇਹ ਉਹ ਦੌਰ ਸੀ ਜਦੋਂ ਖਾਲਸੇ ਨੇ ਜਮਨਾ ਤੇ ਗੰਗਾ ਨਦੀ ਦੇ ਪਾਰ ਹਿੰਦੋਸਤਾਨ ਦੇ ਇਲਾਕੇ ਆਪਣੇ ਹੇਠ ਕੀਤੇ।

ਸਹਾਰਨਪੁਰ, ਯਮਨਾਨਗਰ, ਮੇਰਠ, ਖੁਰਜਾ, ਅਲੀਗੜ੍ਹ, ਟੁੰਡਲਾ, ਮੁਜ਼ੱਫਰਨਗਰ, ਫਰੂਖਾਬਾਦ, ਗੜਵਾਲ, ਦੇਹਰਾਦੂਨ, ਮੁਰਾਦਾਬਾਦ, ਆਗਰਾ ਤੋਂ ਇਕੱਠਾ ਕੀਤਾ ਅੱਧਾ ਧੰਨ ਪਹਿਲਾਂ ਹੋਏ ਗੁਰਮਤੇ ਅਨੁਸਾਰ ਗੁਰੂ ਘਰ ਦੀਆਂ ਇਮਾਰਤਾਂ ‘ਤੇ ਲਾਇਆ ਗਿਆ।ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜਿਲ ਬਣਾਉਣ ਉੱਪਰ ਉਸ ਸਮੇਂ ਦੋ ਲੱਖ ਪਚਾਨਵੇਂ ਹਜ਼ਾਰ ਰੁਪਯਾ ਖਰਚ ਹੋਇਆ, ਜੋ ਆਪਣੀ ਮਿਸਾਲ ਆਪ ਹੀ ਹੈ। ਇਹ ਤਖਤ ਸਾਰਾ ਪੱਕੀ ਇੱਟ ‘ਤੇ ਪੱਥਰ ਨਾਲ ਤਿਆਰ ਹੋਇਆ। ਇਸਦੇ ਗੋਲ਼ ਥੰਮ ਸੁਨਹਿਰੀ ਵੇਲ ਬੂਟਿਆਂ ਨਾਲ ਸਜਾਏ ਹੋਏ ਸਨ।

ਪਿਛੋਂ ਮਹਾਰਾਜਾ ਰਣਜੀਤ ਸਿੰਘ ਸਮੇ ਇਸ ਦੀਆਂ ਚਾਰ ਛੱਤਾਂ ਹੋਰ ਪਾਈਆਂ, ਜੋ ਹਰ ਇੱਕ ਮੌਸਮ ਵਿੱਚ ਆਰਾਮ ਦੇਣ ਵਾਲੀਆਂ ਸਨ। ਸੰਮਤ ੧੮੩੧ ਬਿਕ੍ਰਮੀ (1774 ਈ) ਵਿੱਚ ਇਸਦੀ ਪਹਿਲੀ ਮੰਜ਼ਲ ਦੀ ਛੱਤ ਤਿਆਰ ਹੋਈ, ਬਾਕੀ ਚਾਰ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਿਆਰ ਕਰਵਾਈਆਂ।

ਸਭ ਤੋਂ ਉੱਪਰ ਦਾ ਬੰਗਲਾ ਤੇ ਸੁਨਹਿਰੀ ਗੁੰਬਦ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਸੋਨਾ ਚੜ੍ਹਵਾਇਆ। ਜਿਸ ਨੂੰ ਖੂਬਸੂਰਤ ਬਣਿਆ ਹੋਇਆ ਵੇਖਕੇ ਅਤੇ ਖੁਸ਼ ਹੋਕੇ ਅਕਾਲ ਤਖਤ ਨੂੰ ਸਿਰ ਤੋਂ ਪੈਰਾਂ ਤੱਕ ਸੁਨਹਿਰੀ ਬਣਾਉਣ ਲਈ ਸ: ਹਰੀ ਸਿੰਘ ਨਲੂਏ ਨੇ ੧ ਲੱਖ ੨੫ ਹਜ਼ਾਰ ਰੁਪਏ ਦਾ ਸੋਨਾ ਗਿਆਨੀ ਗੁਰਮੁਖ ਸਿੰਘ ਦੀ ਸਪੁਰਦਗੀ ਵਿੱਚ ਦੇਕੇ ਹੁਕਮ ਦਿੱਤਾ ਕਿ ਇਸ ਨੂੰ ਸੁਨਹਿਰੀ ਬਣਾਉਣ ਵਿੱਚ ਜਿੰਨਾਂ ਭੀ ਸੋਨਾ ਲੱਗੇਗਾ ਉਹ ਇਹ ਗੁਰੂ ਦਾ ਸੇਵਕ (ਹਰੀ ਸਿੰਘ) ਦੇਵੇਗਾ।

ਭਾਵੇਂ ਇਸ ਬਹਾਦਰ ਗੁਰੂ ਸੇਵਕ ਸੂਰਬੀਰ ਸਿੰਘ ਦਾ ਗੁਰੂ ਦੀ ਸੇਵਾ ਵਿੱਚ ਇੰਨਾਂ ਯਕੀਨ ਸੀ ਪਰ ਇਸਦੇ ਸ਼ਹੀਦ ਹੁੰਦੇ ਹੀ ਗਿਆਨੀ ਗੁਰਮੁਖ ਸਿੰਘ ਨੇ ਲਾਲਚ ਵਿੱਚ ਆਕੇ ਸਾਰਾ ਸੋਨਾ ਗਬਨ ਕਰ ਲਿਆ, ਜਿਸਦਾ ਫਲ ਭੀ ਉਸਨੂੰ ਏਹ ਭੋਗਣਾ ਪਿਆ ਕਿ ਉਸਨੂੰ ਰਾਜਾ ਹੀਰਾ ਸਿੰਘ ਡੋਗਰੇ ਦੇ ਹੁਕਮ ਨਾਲ ਮੁਸਲਮਾਨਾਂ ਦੇ ਹੱਥ ਦੇ ਦਿਤਾ ਗਿਆ, ਜਿਥੇ ਉਸ ਨੂੰ ਪਖਾਨੇ ਦੀ ਥਾਂ ਵਿੱਚ ਬੰਦ ਕਰਕੇ ਬੜੇ ਤਸੀਹੇ ਦੇਕੇ ਮਾਰਿਆ ਗਿਆ ਅਤੇ ਘਰ-ਬਾਰ ਜ਼ਬਤ ਹੋ ਜਾਣ ਤੇ ਗਬਨ ਕੀਤਾ ਹੋਇਆ ਸੋਨਾ ਵੀ ਰਾਜਾ ਹੀਰਾ ਸਿੰਘ ਲੈ ਗਿਆ।

ਅਕਾਲ ਤਖ਼ਤ ਸਾਹਿਬ ਦੇ ਅੰਦਰ ਦਾ ਬੰਗਲਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੁਨਹਿਰੀ ਬਣਵਾਇਆ ਤੇ ਕੀਮਤੀ ਸੌਗਾਤਾਂ ਭੇੰਟ ਕੀਤੀਆਂ। ਇਸਦੇ ਅੱਗੇ ਸਫ਼ੈਦ ਸੰਗਮਰਮਰ ਦੇ ਥੰਮਾਂ ਤੇ ਜੋ ਅੱਗੇ ਵਧਿਆ ਹੋਇਆ ਜਾਲ਼ੀਦਾਰ ਹਿੱਸਾ ਹੈ ਇਸੇ ਨੂੰ ਤਖਤ ਕਿਹਾ ਜਾਂਦਾ ਹੈ, ਅਤੇ ਇਸੇ ਥਾਂ ਬੈਠਕੇ ਅੰਮ੍ਰਿਤ ਛਕਾਇਆ ਜਾਂਦਾ ਹੈ, ਜੋ ਪਹਿਲਾਂ ਇੱਟਾਂ ਤੇ ਚੂਨੇ ਦਾ ਬਣਿਆਂ ਹੋਇਆ ਸੀ। ਸੰਨ 1859 ਨੂੰ ਅੰਗਰੇਜ਼ੀ ਸਰਕਾਰ ਵੇਲੇ ਰਾਮਬਾਗ ਤੋਂ ਇੱਕ ਵਡਮੁੱਲੀ ਸੰਗਮਰਮਰ ਦੀ ਚੌਂਕੀ ਪੁਟਵਾ ਕੇ ਇਥੇ ਰਖਵਾ ਦਿੱਤੀ।

ਇਸਦੇ ਅੱਗੇ ਇਮਲੀ ਦੇ ਦਰੱਖਤ ਥੱਲੇ ਇੱਕ ਫੁਹਾਰੇ ਵਾਲਾ ਹੋਜ਼ ਸੰਗਮਰਮਰ ਦਾ ਬਣਿਆ ਹੋਇਆ ਸੀ, ਜਿਸ ਵਿੱਚ ਖੂਹ ਦਾ ਪਾਣੀ (ਜੋ ਅਕਾਲ ਤਖ਼ਤ ਦੇ ਪਿੱਛਲੇ ਪਾਸੇ ਸੀ) ਪੈਂਦਾ ਸੀ ਅਤੇ ਇੱਕ ਪੇਚਦਾਰ ਫੁਹਾਰਾ ਭੀ ਬਣਿਆ ਹੋਇਆ ਹੈ ਜਿਸ ਵਿੱਚ ਲੋੜ ਦੇ ਦਿਨ ਗੁਲਾਬ ਦਾ ਅਰਕ ਆਦਿ ਪਾਕੇ ਫਰਸ਼ ਨੂੰ ਸੁਗੰਧਿਤ ਕਰ ਦਿੱਤਾ ਜਾਂਦਾ ਸੀ।

ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਸੰਗਮਰਮਰ ‘ਤੇ ਇੱਕ ਮੋਰ ਬਣਿਆ ਹੋਇਆ ਸੀ ਜੋ ਚੁੰਹ ਦਿਸ਼ਾਂ ਤੋਂ ਵੇਖਣ ਤੇ ਪੈਲ ਪਾਉਂਦਾ ਦਿਖਾਈ ਦਿੰਦਾ ਸੀ। ਜੂਨ 1984 ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਕਾਲ ਤਖ਼ਤ ਨੂੰ ਛੱਡਕੇ ਬਾਹਰਲੀ ਇਮਾਰਤ, ਇਮਲੀ ਦਾ ਰੁੱਖ ਅਤੇ ਹੋਰ ਬਹੁਤ ਕੁਝ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਧਰੋਹਰ ਤਬਾਹ ਹੋ ਗਿਆ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੈ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਤਾਰਾ ਸਿੰਘ ਘੇਬਾ, ਸਰਦਾਰ ਚੜ੍ਹਤ ਸਿੰਘ ਸ਼ੁੱਕਰਚੱਕੀਆ, ਸਰਦਾਰ ਬਘੇਲ ਸਿੰਘ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਏ ਦੀ ਛੋਹ ਵਾਲੀ ਇਮਾਰਤ ਹਮੇਸ਼ਾਂ ਲਈ ਸਾਥੋਂ ਵਿੱਛੜ ਗਈ।

Scroll to Top