July 4, 2024 11:19 pm
Sidhu Moosewala

ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੇ ਪਿੰਡ ਮੂਸਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ

ਚੰਡੀਗੜ੍ਹ, 29 ਮਈ 2024: ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਦੂਜੀ ਬਰਸੀ ਹੈ। ਇਸ ਮੌਕੇ ਪਿੰਡ ਮੂਸੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਦੀ ਸਮਾਧ ‘ਤੇ ਸ਼ਰਧਾਂਜਲੀ ਭੇਂਟ ਕਰਨ ਪੁੱਜੇ, ਜਿੱਥੇ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਫੁੱਲਮਾਲਾਵਾਂ ਚੜ੍ਹਾਈਆਂ।

ਇਸ ਮੌਕੇ ਪਿੰਡ ਦੇ ਹੋਰ ਲੋਕਾਂ ਨੇ ਵੀ ਸਿੱਧੂ ਮੂਸੇਵਾਲਾ (Sidhu Moosewala) ਨੂੰ ਸ਼ਰਧਾਂਜਲੀ ਭੇਟ ਕੀਤੀ। ਮੂਸੇਵਾਲਾ ਦੇ ਪ੍ਰਸੰਸਕ ਵੀ ਵੱਡੀ ਗਿਣਤੀ ‘ਚ ਪਿੰਡ ‘ਚ ਸਥਿਤ ਸਮਾਧ ‘ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ | ਇਸ ਦੌਰਾਨ ਅੱਜ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਪਿੰਡ ਮੂਸੇ ਵਿਖੇ ਪਹੁੰਚੇ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ 2 ਸਾਲ ਹੋ ਗਏ ਹਨ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰ ਅਤੇ ਸਨੇਹੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪਰ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਪਿੰਡ ਪੱਧਰ ’ਤੇ ਪ੍ਰੋਗਰਾਮ ਉਲੀਕਿਆ ਗਿਆ ਹੈ, ਤਾਂ ਜੋ ਕੋਈ ਵੀ ਇਸ ਮੌਕੇ ਦਾ ਸਿਆਸੀ ਲਾਹਾ ਨਾ ਲੈ ਸਕੇ। ਪਰਿਵਾਰ ਨਹੀਂ ਚਾਹੁੰਦਾ ਕਿ ਕੋਈ ਇਸ ਪ੍ਰੋਗਰਾਮ ਨੂੰ ਰੈਲੀ ਵਿੱਚ ਬਦਲੇ।

ਬਲਕੌਰ ਸਿੰਘ ਦਾ ਦਾ ਕਹਿਣਾ ਹੈ ਕਿ ਦੋ ਸਾਲਾਂ ਵਿੱਚ ਅਦਾਲਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਵਿੱਚ ਹੀ ਸਫ਼ਲ ਰਹੀ ਹੈ। ਫਿਲਹਾਲ ਅਦਾਲਤ ‘ਚ ਛੁੱਟੀਆਂ ਹਨ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧੇਗੀ।

ਮਾਂ ਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬੇਟੇ ਸ਼ੁਭਦੀਪ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਮਾਤਾ ਚਰਨ ਕੌਰ ਨੇ ਇਸ ਪੋਸਟ ਵਿੱਚ ਕਿਹਾ- ਅੱਜ 730 ਦਿਨ, 17532 ਘੰਟੇ, 1051902 ਮਿੰਟ ਅਤੇ 63115200 ਸੈਕਿੰਡ ਬੀਤ ਚੁੱਕੇ ਹਨ ਜਦੋਂ ਤੋਂ ਸ਼ੁਭ ਪੁੱਤਰ ਨੂੰ ਘਰ ਦੀ ਦਹਿਲੀਜ਼ ਪਾਰ ਕੀਤਾ ਹੈ।