ਫਾਜ਼ਿਲਕਾ 16 ਮਈ 2024: ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਕੱਕੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ: ਕਵਿਤਾ ਤੇ ਡਾ: ਸੁਨੀਤਾ ਦੀ ਦੇਖ-ਰੇਖ ਅਤੇ ਸੀ.ਐਚ.ਸੀ ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਅਗਵਾਈ ਹੇਠ ਸੀ. ਸੀ.ਐਚ.ਸੀ ਖੂਈਖੇੜਾ ਅਧੀਨ ਪੈਂਦੇ ਸਾਰੇ ਪਿੰਡਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ‘ਤੇ ਡੇਂਗੂ ਬੁਖਾਰ (Dengue fever) ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ: ਜਤਿੰਦਰ ਰਾਜ ਸਿੰਘ ਸੈਨੀ, ਡਾ: ਸ਼ਿਲਪਾ, ਡਾ: ਗੌਰੀ ਸ਼ੰਕਰ, ਸੁਸ਼ੀਲ ਕੁਮਾਰ, ਦੇਵੀ ਲਾਲ, ਲਖਵਿੰਦਰ ਸਿੰਘ, ਸਤਪਾਲ, ਸਤਨਾਰਾਇਣ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਐਸ.ਐਮ.ਓ ਡਾ: ਵਿਕਾਸ ਗਾਂਧੀ ਨੇ ਦੱਸਿਆ ਕਿ ਅੱਜ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਬਲਾਕ ਦੇ ਸਾਰੇ ਪਿੰਡਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਅਤੇ ਆਮ ਲੋਕਾਂ ਖਾਸ ਕਰਕੇ ਭੱਠਿਆਂ , ਝੁੱਗੀਆਂ ਆਦਿ ਵਰਗੇ ਹਾਈ ਰਿਸਕ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਬੁਖਾਰ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਪਣੇ ਘਰ ਦੇ ਆਲੇ-ਦੁਆਲੇ ਰੱਖੇ ਖਾਲੀ ਬਰਤਨਾਂ ਵਿੱਚ ਸਾਫ਼ ਪਾਣੀ ਨੂੰ ਜ਼ਿਆਦਾ ਦੇਰ ਤੱਕ ਖੜ੍ਹਾ ਨਾ ਰਹਿਣ ਦਿਓ ਕਿਉਂਕਿ ਡੇਂਗੂ ਦਾ ਮੱਛਰ ਗੰਦੇ ਪਾਣੀ ‘ਤੇ ਨਹੀਂ ਸਗੋਂ ਦਿਨ ਵੇਲੇ ਕੱਟਦਾ ਹੈ।
ਜਿਸ ਨਾਲ ਸਿਰ ਦਰਦ ਅਤੇ ਤੇਜ਼ ਬੁਖਾਰ (Dengue fever) ਹੋ ਜਾਂਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਓ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਘੋਸ਼ਿਤ ਕੀਤਾ ਗਿਆ ਹੈ, ਇਸ ਦਿਨ ਘਰਾਂ ਵਿੱਚ ਰੱਖੇ ਕੂਲਰਾਂ, ਬਰਤਨਾਂ ਅਤੇ ਫਰਿੱਜਾਂ ਦੀ ਸਫ਼ਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਹਰ ਰੋਜ਼ ਪਿੰਡਾਂ ਵਿੱਚ ਘਰ-ਘਰ ਜਾ ਕੇ ਫਰਿੱਜਾਂ, ਗਮਲਿਆਂ ਆਦਿ ਵਿੱਚ ਖੜ੍ਹੇ ਪਾਣੀ ਦੀ ਜਾਂਚ ਕਰ ਰਹੇ ਹਨ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਉਥੇ ਹੀ ਨਸ਼ਟ ਕੀਤਾ ਜਾ ਸਕੇ।
ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਨੈਸ਼ਨਲ ਡੇਂਗੂ ਦਿਵਸ ਸਬੰਧੀ ਗਤੀਵਿਧੀਆਂ ਬਲਾਕ ਦੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਹੈਲਥ ਸੁਪਰਵਾਈਜ਼ਰਾਂ ਲਖਵਿੰਦਰ ਸਿੰਘ, ਰਜਿੰਦਰ ਸੁਥਾਰ, ਰਵਿੰਦਰ ਸਿੰਘ, ਰਾਜੀਵ ਜਸੂਜਾ , ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ ਅਤੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ।