June 28, 2024 6:07 am
Cricket Stadium Mullanpur

23 ਮਾਰਚ ਨੂੰ ਪੀ.ਸੀ.ਏ. ਕ੍ਰਿਕਟ ਸਟੇਡੀਅਮ ਮੁੱਲਾਂਪੁਰ ਵਿਖੇ ਹੋਵੇਗਾ ਪਹਿਲਾ IPL ਮੈਚ

ਮੁੱਲਾਂਪੁਰ (ਨਿਊ ਚੰਡੀਗੜ੍ਹ), 04 ਮਾਰਚ 2024: ਮੁੱਲਾਂਪੁਰ ਵਿਖੇ ਤਿਆਰ ਹੋਏ ਨਵੇਂ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਖੇ ਪਹਿਲਾ ਆਈ.ਪੀ.ਐੱਲ.ਮੈਚ 23 ਮਾਰਚ ਨੂੰ ਹੋਵੇਗਾ, ਜਿਸ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੀ.ਸੀ.ਏ. ਸਟੇਡੀਅਮ ਮੁੱਲਾਂਪੁਰ (Cricket Stadium Mullanpur) ਵਿਖੇ ਪ੍ਰਬੰਧਾਂ ਲਈ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਸ਼ਕਾਂ ਲਈ 02 ਪਾਰਕਿੰਗਜ਼ ਸਟੇਡੀਅਮ ਤੋਂ ਬਾਹਰ ਬਣਾਈਆਂ ਜਾਣਗੀਆਂ।

ਉਹਨਾਂ ਨੇ ਸੜਕਾਂ ਦੀ ਸਾਫ ਸਫਾਈ, ਸੀਵਰੇਜ, ਲਾਈਟਾਂ, ਰਿਫ਼ਲੈਕਟਰਜ਼, ਸਟੇਡੀਅਮ (Cricket Stadium Mullanpur) ਦੇ ਅੰਦਰ ਦੀ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਡਿਪਟੀ ਕਮਿਸ਼ਨਰ ਨੇ ਕ੍ਰਿਕਟ ਮੈਚ ਦੇ ਪ੍ਰਬੰਧਾਂ ਵਿੱਚ ਕੋਈ ਵੀ ਘਾਟ ਨਾ ਆਉਣ ਦੇਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ।

ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਨੇ ਮੈਚਾਂ ਦੌਰਾਨ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾਲ ਸਖਤੀ ਨਾਲ ਨਿਪਟਣ ਲਈ ਵੀ ਨਿਰਦੇਸ਼ ਦਿੱਤੇ ਅਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਸਚਾਰੂ ਬਣਾਉਣ ਅਤੇ ਲੋਕਾਂ ਨੂੰ ਆਉਣ-ਜਾਣ ਵੇਲੇ ਪੂਰੀ ਸਹੂਲਤ ਮੁਹੱਈਆ ਕਰਵਾਉਣ ਲਈ ਵੀ ਆਖਿਆ।

ਡਿਪਟੀ ਕਮਿਸ਼ਨਰ ਨੇ ਫਾਇਰ ਬ੍ਰਿਗੇਡ ਨਾਲ ਸਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਲੋੜੀਂਦੇ ਪ੍ਰਬੰਧਾਂ ਲਈ ਵੀ ਹਦਾਇਤ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਟੀਮਾਂ ਮੈਚ ਵਾਲੇ ਸਥਾਨ ‘ਤੇ ਤਇਨਾਤ ਕਰਨ ਲਈ ਵੀ ਕਿਹਾ ਤਾਂ ਜੋ ਲੋੜ ਪੈਣ ’ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਮੀਟਿੰਗ ਦੌਰਾਨ ਸੀ.ਏ.ਗਮਾਡਾ ਰਾਜੀਵ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੀ.ਐੱਸ. ਤਿੜਕੇ, ਐੱਸ.ਪੀ. (ਹੈੱਡਕੁਆਟਰ) ਤੁਸ਼ਾਰ ਗੁਪਤਾ, ਐੱਸ.ਡੀ.ਐਮ. ਖਰੜ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਡੈਵੀ ਗੋਇਲ, ਡੀ.ਐੱਸ.ਪੀ.ਧਰਮਵੀਰ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੀ.ਸੀ.ਏ. ਦੇ ਅਧਿਕਾਰੀ ਹਾਜ਼ਰ ਸਨ।