ਸ੍ਰੀ ਅਨੰਦਪੁਰ ਸਾਹਿਬ, 26 ਜੂਨ 2023: ਗੁਰੂ ਖਾਲਸਾ ਪੰਥ ਦੀ ਗੁਰਮਤਾ ਸੋਧਣ ਦੀ ਪੰਥਕ ਰਿਵਾਇਤ ਵੱਲ ਪਰਤਣ ਦੇ ਇਕ ਸੰਜੀਦਾ ਉਪਰਾਲੇ ਤਹਿਤ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵੱਲੋਂ ਮੀਰੀ ਪੀਰੀ ਦਿਵਸ ਉੱਤੇ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਲਈ ਸਿੱਖ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਨੂੰ ਸੱਦਾ ਦਿੱਤਾ ਗਿਆ ਹੈ।
ਇਸ ਇਕੱਤਰਤਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੀ ਸੇਵਾ-ਸੰਭਾਲ ਦਾ ਪ੍ਰਬੰਧ ਹੁਣ ਬਿਲਕੁਲ ਹੀ ਗੈਰ-ਪੰਥਕ ਲੀਹਾਂ ਉੱਤੇ ਚਲਾ ਗਿਆ ਹੈ, ਜਿਸ ਨੂੰ ਦਰੁਸਤ ਕਰਨ ਲਈ ਸੁਹਿਰਦ ਸਿੱਖਾਂ ਨੂੰ ਆਪਸੀ ਵਿਚਾਰ ਕਰਕੇ ਪੰਥਕ ਰਿਵਾਇਤਾਂ ਨੂੰ ਮੁੜ-ਬਹਾਲ ਕਰਨ ਦੀ ਲੋੜ ਹੈ।
ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਸਾਂਝੇ ਰੂਪ ਵਿਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਾਂਝਾ ਫੈਸਲਾ ਲੈਣ ਦੀ ਪੰਥਕ ਜੁਗਤ ਗੁਰਮਤਾ ਮੁੜ ਬਹਾਲ ਕੀਤਾ ਜਾਵੇ ਤਾਂ ਕਿ ਸਿੱਖ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਪੰਜ ਸਿੰਘਾਂ ਦੀ ਅਗਵਾਈ ਵਿਚ ਅਹਿਮ ਮਸਲਿਆਂ ਉੱਤੇ ਨਿਰਣੇ ਕਰ ਸਕਣ।
ਉਹਨਾ ਕਿਹਾ ਕਿ 28 ਜੂਨ ਨੂੰ ਮੀਰੀ ਪੀਰੀ ਦਿਵਸ ਉੱਤੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਖੰਡਾ ਪਾਰਕ ਦੇ ਨੇੜੇ ਵਿਸ਼ਵ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ | ਜਿਸ ਵਿਚ ਸਿੱਖ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਦੇ ਨੁਮਾਇੰਦੇ ਗੁਰਮਤਾ ਵਿਧੀ ਰਾਹੀਂ ਸਾਂਝਾ ਫੈਸਲਾ ਲੈਣਗੇ। ਉਹਨਾ ਕਿਹਾ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਆਪਣੀ ਰਿਵਾਇਤ ਵੱਲ ਪਿੱਠ ਕੀਤੀ ਹੋਈ ਸੀ, ਜਿਸ ਕਰਕੇ ਸਿੱਖਾਂ ਨੂੰ ਖੁਆਰੀਆਂ ਝੱਲਣੀਆਂ ਪੈ ਰਹੀਆਂ ਹਨ। ਅੱਜ ਲੋੜ ਹੈ ਕਿ ਗੁਰਮਤਾ ਵਿਧੀ ਰਾਹੀਂ ਸਾਂਝੇ ਫੈਸਲੇ ਲਏ ਜਾਣ ਅਤੇ ਪੰਚ ਪ੍ਰਧਾਨੀ ਵਾਲੀ ਸਾਂਝੀ ਅਗਵਾਈ ਚੁਣੀ ਜਾਵੇ। ਇਸ ਮੌਕੇ ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਤਰਲੋਚਨ ਸਿੰਘ ਵੀ ਹਾਜ਼ਰ ਸਨ।