July 5, 2024 5:29 am
Qila Mubarak

2 ਤੇ 3 ਫਰਵਰੀ ਨੂੰ ਕਿਲਾ ਮੁਬਾਰਕ ‘ਚ ਪਟਿਆਲਵੀਆਂ ਨੂੰ ਕੀਲੇਗੀ ਸ਼ਾਸਤਰੀ ਸੰਗੀਤ ਦੀ ਸ਼ਾਨਦਾਰ ਪੇਸ਼ਕਾਰੀ

ਪਟਿਆਲਾ, 01 ਫਰਵਰੀ 2024 : ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ (Qila Mubarak) ਵਿਖੇ 2 ਤੇ 3 ਫਰਵਰੀ ਨੂੰ ਸ਼ਾਮ 6 ਵਜੇ ਸ਼ਾਸਤਰੀ ਸੰਗੀਤਮਈ ਸ਼ਾਮ ਦੌਰਾਨ ਸ਼ਾਸ਼ਤਰੀ ਸੰਗੀਤ ਦੀਆਂ ਛਹਿਬਰਾਂ ਲੱਗਣਗੀਆਂ। ਇਹ ਪ੍ਰਗਟਾਵਾ ਕਰਦਿਆਂ ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਅਗਵਾਈ ਹੇਠ ਕਿਲਾ ਮੁਬਾਰਕ ਵਿਖੇ ਕਰਵਾਏ ਜਾਣ ਵਾਲੇ ਇਸ ਦੋ ਦਿਨਾਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਸਮੂਹ ਪਟਿਆਲਵੀ ਜਰੂਰ ਪੁੱਜਣ।

ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਉਠਾਇਆ ਗਿਆ ਹੈ, ਇਸ ਲਈ ਰਾਜ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀ ਵਿਰਾਸਤ ਨੂੰ ਉਭਾਰਨ ਲਈ ਹੈਰੀਟੇਜ ਫੈਸਟੀਵਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ (Qila Mubarak) ਦੀ ਐਂਟਰੀ ਬਿਲਕੁਲ ਮੁਫ਼ਤ ਹੈ ਅਤੇ ਕੋਈ ਟਿਕਟ ਨਹੀਂ ਲਗਾਈ ਜਾਵੇਗੀ।

ਨਵਰੀਤ ਕੌਰ ਸੇਖੋਂ ਨੇ ਅੱਗੇ ਦੱਸਿਆ ਕਿ 2 ਫਰਵਰੀ ਦੀ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਪਟਿਆਲਾ ਵਿਖੇ ਪਹਿਲੀ ਵਾਰ ਭਾਰਤੀ ਕਲਾ ਕੇਂਦਰ ਵੱਲੋਂ ਮੀਰਾ ‘ਤੇ ਅਧਾਰਤ ਸ਼ਾਸਤਰੀ ਨਾਚ ਬੈਲੇ ਹੋਵੇਗਾ ਅਤੇ ਪੰਡਿਤ ਸੁਭੇਂਦਰ ਰਾਓ ਅਤੇ ਸਸਕਿਆ ਰਾਓ ਵੱਲੋਂ ਸਿਤਾਰ ਅਤੇ ਸੈਲੋ ਵਾਦਨ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤੋਂ ਅਗਲੇ ਦਿਨ 3 ਫਰਵਰੀ ਨੂੰ ਸ਼ਾਮ 6 ਵਜੇ ਗਵਾਲੀਅਰ ਘਰਾਣੇ ਦੇ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਅਤੇ ਮੀਤਾ ਪੰਡਿਤ ਵੱਲੋਂ ਸ਼ਾਸਤਰੀ ਗਾਇਨ ਹੋਵੇਗਾ ਅਤੇ ਨਜ਼ੀਰ ਅਹਿਮਦ ਕਵਾਲ ਵੱਲੋਂ ਨਾਤੀਆ ਕਵਾਲੀ ਗਾਇਨ ਹੋਵੇਗੀ।