ਸਪੋਰਟਸ, 21 ਅਗਸਤ 2025: ਓਲੰਪੀਅਨ ਅਨੰਤਜੀਤ ਸਿੰਘ ਨਾਰੂਕਾ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਪੁਰਸ਼ਾਂ ਦੇ ਸਕੀਟ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ। ਕਜ਼ਾਕਿਸਤਾਨ ਦੇ ਸ਼ਿਮਕੈਂਟ ‘ਚ ਹੋ ਰਹੇ ਇਸ ਟੂਰਨਾਮੈਂਟ ‘ਚ ਅਨੰਤਜੀਤ ਨੇ ਫਾਈਨਲ ‘ਚ ਕੁਵੈਤ ਦੇ ਸਾਬਕਾ ਏਸ਼ੀਅਨ ਚੈਂਪੀਅਨ ਮਨਸੂਰ ਅਲ ਰਸ਼ੀਦੀ ਨੂੰ 57-56 ਨਾਲ ਹਰਾਇਆ।
ਪਿਛਲੇ ਸਾਲ ਅਨੰਤਜੀਤ ਨੇ ਕੁਵੈਤ ਸਿਟੀ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਸ਼ਿਮਕੈਂਟ ਸ਼ੂਟਿੰਗ ਪਲਾਜ਼ਾ ‘ਚ ਮੁਕਾਬਲੇ ਦੇ ਤੀਜੇ ਦਿਨ, ਨਾਰੂਕਾ ਨੇ ਦੋ ਦਿਨਾਂ ਕੁਆਲੀਫਿਕੇਸ਼ਨ ‘ਚ 119 ਅੰਕ ਬਣਾਏ ਅਤੇ ਤੀਜੇ ਸਥਾਨ ‘ਤੇ ਰਿਹਾ। 60-ਸ਼ਾਟ ਫਾਈਨਲ ‘ਚ ਅਨੰਤਜੀਤ ਨੇ ਸ਼ੁਰੂਆਤ ਤੋਂ ਹੀ ਬਿਹਤਰ ਪ੍ਰਦਰਸ਼ਨ ਕੀਤਾ।
ਪਹਿਲਾਂ ਉਸਨੇ 30 ‘ਚੋਂ 29 ਨਿਸ਼ਾਨੇ ਮਾਰੇ ਅਤੇ ਫਿਰ 36 ‘ਚੋਂ 35 ਨਿਸ਼ਾਨੇ ਮਾਰ ਕੇ ਪਹਿਲੀ ਵਾਰ ਲੀਡ ਹਾਸਲ ਕੀਤੀ। ਆਖਰੀ 10 ਸ਼ਾਟਾਂ ‘ਚ ਕੁਵੈਤੀ ਨਿਸ਼ਾਨੇਬਾਜ਼ ਨਾਲ ਸਖ਼ਤ ਮੁਕਾਬਲਾ ਸੀ, ਪਰ ਦੋਵਾਂ ਦੇ ਇੱਕ-ਇੱਕ ਸ਼ਾਟ ਖੁੰਝਣ ਦੇ ਬਾਵਜੂਦ, ਨਾਰੂਕਾ ਨੇ ਲੀਡ ਬਣਾਈ ਰੱਖੀ ਅਤੇ ਜਿੱਤ ਪ੍ਰਾਪਤ ਕੀਤੀ।
Read More: ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ ਮਿਲਣਗੇ 7 ਕਰੋੜ ਰੁਪਏ, ਦਿੱਲੀ ਸਰਕਾਰ ਦਾ ਫੈਸਲਾ




