ਚੰਡੀਗੜ੍ਹ, 25 ਅਕਤੂਬਰ 2024: ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਦੇਸ਼ ਦੇ ਕਈਂ ਸੂਬਿਆਂ ‘ਚੋਂ ਬਦਮਾਸ਼ ਲਾਰੈਂਸ ਬਿਸ਼ਨੋਈ (Lawrence Bishnoi) ਗੈਂਗ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਇਨ੍ਹਾਂ ‘ਚੋਂ ਪੁਲਿਸ ਨੇ ਪੰਜਾਬ ‘ਚ ਵੀ ਇੱਕ ਮੁਲਜ਼ਮ ਨੂੰ ਫੜਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਕੀਤੀ ਗਈ ਹੈ |
ਇਨ੍ਹਾਂ ਮੁਲਜ਼ਮਾਂ ਕੋਲੋਂ 6 ਸੈਂਟੀਮੀਟਰ ਆਟੋਮੈਟਿਕ ਪਿਸਤੌਲ, 26 ਕਾਰਤੂਸ, ਚੋਰੀ ਦੀ ਕਾਰ, ਮੋਟਰਸਾਈਕਲ ਅਤੇ ਜੀਪੀਐਸ ਟਰੈਕਿੰਗ ਯੰਤਰ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਰਾਜਸਥਾਨ ਦੇ ਸਾਬਕਾ ਵਿਧਾਇਕ ਦੇ ਭਤੀਜੇ ਨੂੰ ਮਾਰਨ ਦੀ ਫ਼ਿਰਾਕ ‘ਚ ਸਨ | ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਹਨ।
ਦਰਅਸਲ, ਮੁੰਬਈ ਪੁਲਿਸ ਨੇ 20 ਅਕਤੂਬਰ ਤੱਕ ਬਾਬਾ ਸਿੱਦੀਕੀ ਕਤਲ ਕਾਂਡ ਦੇ 10ਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਭਗਵੰਤ ਸਿੰਘ ਨੂੰ ਨਵੀਂ ਮੁੰਬਈ ਇਲਾਕੇ ਤੋਂ ਫੜਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਭਗਵੰਤ ਸਿੰਘ ਇੱਕ ਮੁਲਜ਼ਮ ਨਾਲ ਹਥਿਆਰਾਂ ਸਮੇਤ ਉਦੈਪੁਰ ਤੋਂ ਮੁੰਬਈ ਗਿਆ ਸੀ। ਉਹ ਸ਼ੁਰੂ ਤੋਂ ਹੀ ਸ਼ੂਟਰਾਂ ਅਤੇ ਸਾਜ਼ਿਸ਼ਕਾਰਾਂ ਦੇ ਸੰਪਰਕ ‘ਚ ਸੀ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀਆਂ 15 ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਦੂਜੇ ਪਾਸੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (NIA) ਨੇ ਅਨਮੋਲ ਬਿਸ਼ਨੋਈ (Anmol Bishnoi) ‘ਤੇ 10 ਲੱਖ ਰੁਪਏ ਦੇ ਇਨਾਮ ਰੱਖਿਆ ਹੈ | ਬਾਬਾ ਸਿੱਦੀਕੀ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਅਨਮੋਲ ਬਿਸ਼ਨੋਈ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀ ਸੁਰੱਖਿਆ ਏਜੰਸੀ NIA ਨੇ ਇਹ ਫੈਸਲਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਇਸ ਕਤਲ ਕੇਸ ‘ਚ ਅਨਮੋਲ ਦਾ ਨਾਂ ਸਾਹਮਣੇ ਆਇਆ ਸੀ। ਜਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੋਂ ਬਾਅਦ ਆਏ ਲਾਰੈਂਸ ਗੈਂਗ ਦੇ ਸੰਚਾਲਕਾਂ ਨੇ ਹਾਲ ਹੀ ‘ਚ ਉਨ੍ਹਾਂ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ‘ਚ ਅਨਮੋਲ (Anmol Bishnoi) ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਸਬੰਧ ‘ਚ ਮੁੰਬਈ ਪੁਲਸ ਨੇ ਬਿਸ਼ਨੋਈ ਖ਼ਿਲਾਫ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ।