July 3, 2024 12:12 pm
ਸਿੱਖ

ਓਹੀਓ ਦੇ ਸਿੱਖ ਭਾਈਚਾਰੇ ਨੇ ਸਪਰਿੰਗਫੀਲਡ ਦੇ ਮੇਅਰ ਵਾਰਨ ਕੋਪਲੈਂਡ ਨੂੰ ਸ਼ਰਧਾਂਜਲੀ ਦਿੱਤੀ

ਸਪਰਿੰਗਫੀਲਡ, ਓਹਾਇਓ 12 ਫਰਵਰੀ, 2024): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਪਰਿੰਗਫੀਲਡ ਦੇ ਮੇਅਰ ਵਾਰਨ ਕੋਪਲੈਂਡ ਦੇ ਦਿਹਾਂਤ ਉਪਰੰਤ ਸਪਰਿੰਗਫੀਲਡ ਸਿਟੀ ਹਾਲ ਅਤੇ ਹਾਈ ਸਕੂਲ ਵਿਖੇ ਕਰਵਾਏ ਸਮਾਗਮਾਂ ਵਿੱਚ ਸਪਰਿੰਗਫੀਲਡ ਅਤੇ ਨਾਲ ਲੱਗਦੇ ਸ਼ਹਿਰ ਡੇਟਨ, ਬੀਵਰਕ੍ਰੀਕ ਵੱਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਮੇਅਰ ਕੋਪਲੈਂਡ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਓਹਾਇਓ ਸੂਬੇ ਦੇ ਗਵਰਨਰ ਮਾਈਕ ਡੀਵਾਈਨ ਵੀ ਸ਼ਾਮਲ ਸਨ। ਮੇਅਰ ਕੋਪਲੈਂਡ ਦਾ ਬੀਤੇ ਦਿਨੀਂ 22 ਜਨਵਰੀ, 2024 ਨੂੰ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ 1990 ਤੋਂ 1994 ਤੱਕ ਅਤੇ ਫਿਰ ਲਗਾਤਾਰ 1998 ਤੋਂ ਲੈ ਕੇ ਨਵੰਬਰ 2023 ਤੀਕ ਮੇਅਰ ਰਹੇ। ਆਪਣੀ ਸਿਹਤ ਖਰਾਬ ਹੋਣ ਕਾਰਨ ਉਹ ਸੇਵਾ ਮੁਕਤ ਹੋ ਗਏ ਸਨ।

ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਦੇ ਸਪਰਿੰਗਫੀਲਡ ਨਿਵਾਸੀ ਅਵਤਾਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ, ਬੱਚਿਆਂ ਰਵਜੋਤ ਕੌਰ ਅਤੇ ਮਨਪ੍ਰੀਤ ਸਿੰਘ ਸਣੇ ਇਹਨਾਂ ਯਾਦਗਾਰੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੇ ਮੇਅਰ ਕੋਪਲੈਂਡ ਦੀ ਪਤਨੀ ਕਲਾਰਾ ਕੋਪਲੈਂਡ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਬਜੀਤ ਕੌਰ ਨੇ ਦੱਸਿਆ, “ਉਹ ਸ਼ਹਿਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਇੱਕ ਪਿਆਰੇ ਮਿੱਤਰ ਸਨ। ਸਪਰਿੰਗਫੀਲਡ ਸ਼ਹਿਰ ਵਿਖੇ ਕਰਾਏ ਜਾਂਦੇ ਵੱਖ ਵੱਖ ਸਲਾਨਾ ਪ੍ਰੋਗਰਾਮਾਂ ਜਿਵੇਂ ਕਿ ਕਲਚਰ ਫੈਸਟੀਵਲ (ਦੁਨੀਆਂ ਦੇ ਵੱਖ ਵੱਖ ਸਭਿਆਚਾਰਾਂ ਦਾ ਮੇਲਾ) ਅਤੇ ਮੈਮੋਰੀਅਲ ਡੇ ਪਰੇਡ ਸਮੇਤ ਕਈ ਸਲਾਨਾ ਪ੍ਰੋਗਰਾਮਾਂ ‘ਚ ਸਿੱਖ ਭਾਈਚਾਰੇ ਨਾਲ ਸ਼ਾਮਲ ਹੁੰਦੇ ਸਨ।

ਉਹ ਮੇਲੇ ਵਿੱਚ ਲਗਾਏ ਜਾਂਦੇ ਸਿੱਖ ਬੂਥ ਤੇ ਜ਼ਰੂਰ ਆਉਂਦੇ ਸਨ, ਖੁਸ਼ੀ ਨਾਲ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਦੇ ਅਤੇ ਵਲੰਟੀਅਰਾਂ ਪਾਸੋਂ ਦਸਤਾਰ ਬਣਾਉਂਦੇ ਸਨ।” ਡੇਟਨ ਦੇ ਵਸਨੀਕ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੈਂਨੂੰ ਸਲਾਨਾ ਕਲਚਰ ਫੈਸਟ ਵਿੱਚ ਮੇਅਰ ਕੋਪਲੈਂਡ ਨੂੰ ਮਿਲਨ ਅਤੇ ਦਸਤਾਰ ਬੰਨ੍ਹਣ ਦਾ ਮੋਕਾ ਮਿਲਦਾ ਸੀ। ਹੁਣ ਭਵਿੱਖ ਵਿੱਚ ਮੇਲੇ ਦੇ ਨਾਲ ਨਾਲ ਮਈ ਮਹੀਨੇ ਦੀ ਮੈਮੋਰੀਅਲ ਡੇ ਪਰੇਡ ਵਿੱਚ ਵੀ ਉਹਨਾਂ ਦੀ ਘਾਟ ਮਹਿਸੂਸ ਹੋਵੇਗੀ।”

ਮੇਅਰ ਵਜੋਂ ਆਪਣੀ ਭੂਮਿਕਾ ਤੋਂ ਇਲਾਵਾ, ਡਾ. ਵਾਰਨ ਕੋਪਲੈਂਡ ਸਥਾਨਕ ਵਿਟਨਬਰਗ ਯੂਨੀਵਰਸਿਟੀ ਵਿੱਚ ਧਰਮ ਦੇ ਪ੍ਰੋਫੈਸਰ ਸਨ। ਡੇਟਨ ਦੇ ਨਿਵਾਸੀ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਅਤੇ ਉੱਘੇ ਲੇਖਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਵੀ ਕੋਪਲੈਂਡ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ।

ਅੰਮ੍ਰਿਤਸਰ ਤੋਂ ਜਾਰੀ ਆਪਣੇ ਬਿਆਨ ਵਿੱਚ ਉਹਨਾਂ ਦੱਸਿਆ, “ਹਰ ਸਾਲ ਓਹਾਇਓ ਦੀ ਮੇਰੀ ਫੇਰੀ ਦੌਰਾਨ, ਮੈਨੂੰ ਕਈ ਸਾਲਾਂ ਤੋਂ ਸ਼ਹਿਰ ਵਿੱਚ ਕਰਾਏ ਜਾਂਦੇ ਕਲਚਰ ਫੈਸਟੀਵਲ, ਪਰੇਡ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਮੇਅਰ ਕੋਪਲੈਂਡ ਅਤੇ ਉਹਨਾਂ ਦੀ ਪਤਨੀ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਹਰੇਕ ਨੂੰ ਪਿਆਰ ਤੇ ਸਤਿਕਾਰ ਨਾਲ ਮਿਲਦੇ ਸਨ। ਵਿਦਿਅਕ ਖੇਤਰ ਵਿੱਚ ਉਹਨਾਂ ਦਾ ਵਡਮੁੱਲਾ ਯੋਗਦਾਨ ਰਿਹਾ ਅਤੇ ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆ।”

ਮੇਅਰ ਕੋਪਲੈਂਡ ਇਕ ਕੁਸ਼ਲ ਪ੍ਰਬੰਧਕ ਸਨ। ਉਹਨਾਂ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਅਣਥੱਕ ਮਿਹਨਤ ਕੀਤੀ। ਅੱਜ ਭਾਂਵੇ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੁਆਰਾ ਵਿਦਿਅਕ, ਸਭਿਆਚਾਰਕ, ਸ਼ਹਿਰ ਤੇ ਦੇਸ਼ ਲਈ ਕੀਤੇ ਗਏ ਉਸਾਰੂ ਕੰਮਾਂ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।