ਅੰਮ੍ਰਿਤਸਰ 11 ਜਨਵਰੀ 2023: ਲੁਧਿਆਣਾ ਦੇ ਆਰਟੀਏ ‘ਤੇ ਵਿਜੀਲੈਂਸ ਦੀ ਟੀਮ ਵੱਲੋਂ ਕਾਰਵਾਈ ਕਰਨ ਦੇ ਮਾਮਲੇ ‘ਚ ਪੰਜਾਬ ਦੇ ਪੀਸੀਐੱਸ ਤੇ ਆਈਏਐੱਸ ਅਧਿਕਾਰੀਆਂ ਵੱਲੋਂ ਕੀਤੀ ਹੜਤਾਲ ਬੁੱਧਵਾਰ ਨੂੰ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ ਨਾਲ ਮੀਟਿੰਗ ਤੋਂ ਬਾਅਦ ਖ਼ਤਮ ਕਰ ਦਿੱਤੀ ਅਤੇ ਪੀ.ਸੀ.ਐੱਸ.ਅਧਿਕਾਰੀਆਂ ਨੇ ਹੜਤਾਲ ਖ਼ਤਮ ਕਰਕੇ ਕੰਮ ’ਤੇ ਪਰਤਣ ਦਾ ਫ਼ੈਸਲਾ ਲਿਆ ਹੈ।
ਅੰਮ੍ਰਿਤਸਰ ਦੇ ਤਹਿਸੀਲ ਦਫ਼ਤਰਾਂ ਅਤੇ ਮਾਲ ਵਿਭਾਗ ਦੇ ਹੋਰ ਦਫਤਰਾਂ ‘ਚ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ | ਅੰਮ੍ਰਿਤਸਰ ਵਿੱਚ ਤਹਿਸੀਲਦਾਰ ਦੇ ਦਫਤਰ ਵਿੱਚ ਪੀਸੀਐਸ ਅਧਿਕਾਰੀਆਂ ਦੇ ਡਿਊਟੀ ‘ਤੇ ਨਾਂ ਆਉਣ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ | ਲੋਕ ਉਡੀਕਦੇ ਰਹੇ ਲੇਕਿਨ ਅਧਿਕਾਰੀ ਆਪਣੀ ਡਿਊਟੀ ‘ਤੇ ਨਹੀਂ ਪਹੁੰਚੇ ਅਤੇ ਲੋਕ ਖੱਜਲ-ਖੁਆਰ ਹੁੰਦੇ ਦਿਖਾਈ ਦਿੱਤੇ | ਕੰਮ ਕਰਵਾਉਣ ਆਏ ਕਈ ਲੋਕਾਂ ਨੂੰ ਬੇਰੰਗ ਪਰਤਣਾ ਪਿਆ |
ਦੂਜੇ ਪਾਸੇ ਉਹ ਮੌਕੇ ਤੇ ਪਹੁੰਚੇ ਸਮਾਜਸੇਵੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੀਸੀਐਸ ਅਧਿਕਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਇਹ ਬਹੁਤ ਗਲਤ ਰਵਾਇਤ ਹੈ | ਇਸ ਦੇ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਅਜਿਹੇ ਅਫਸਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਜੋ ਡੇਢ ਡੇਢ ਲੱਖ ਰੁਪਏ ਤਨਖਾਹਾਂ ਲੈਣ ਦੇ ਬਾਵਜੂਦ ਵੀ ਇਸ ਤਰੀਕੇ ਹੜਤਾਲਾਂ ਕਰਦੇ ਹਨ |
ਇਸਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵਲੋਂ ਇਕ ਪੱਤਰ ਰਾਹੀਂ ਅਫ਼ਸਰਸ਼ਾਹੀ ਨੂੰ 2 ਵਜੇ ਤੱਕ ਡਿਊਟੀ ‘ਤੇ ਪਰਤਣ ਦਾ ਅਲਟੀਮੇਟਮ ਦੇ ਦਿੱਤਾ ਸੀ | ਮਾਨ ਨੇ ਪੱਤਰ ਲਿਖਿਆ ਕਿ ਇਹ ਹੜਤਾਲ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਮੁਹਿੰਮ ਦੀ ਬਾਂਹ ਮਰੋੜ ਕੇ ਬਲੈਕਮੇਲ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |