Mohali

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫ਼ਰਵਰੀ 2024: ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਦੇ ਵਿਹੜੇ ਤ੍ਰੈ-ਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀਮਤੀ ਪ੍ਰਭਜੋਤ ਕੌਰ ਸਨ।

ਸਮਾਗਮ ਦੀ ਪ੍ਰਧਾਨਗੀ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸ਼ਾਇਰ ਸ਼੍ਰੀ ਅਸ਼ੋਕ ਨਾਦਿਰ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਕਵੀਆਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਵੱਲੋਂ ਕਵਿਤਾ ਅਤੇ ਮਨੁੱਖ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਰਵਾਏ ਜਾ ਰਹੇ ‘ਤ੍ਰੈ-ਭਾਸ਼ੀ ਕਵੀ ਦਰਬਾਰ’ ਦੇ ਮਨੋਰਥ ਬਾਰੇ ਦੱਸਿਆ ਗਿਆ।

ਇਸ ਮੌਕੇ ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ (Mohali) ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ।​ਮੁੱਖ ਮਹਿਮਾਨ ਸ਼੍ਰੀਮਤੀ ਪ੍ਰਭਜੋਤ ਕੌਰ ਵੱਲੋਂ ਸ੍ਰੋਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਗਿਆ ਕਿ ਅਜੋਕੇ ਤਕਨਾਲੋਜੀ ਦੇ ਦੌਰ ਵਿਚ ਮਾਂ-ਬੋਲੀ, ਕਿਤਾਬਾਂ ਅਤੇ ਪੜ੍ਹਨ-ਲਿਖਣ ਦੇ ਕਾਰਜ ਨਾਲ ਆਪਣੇ-ਆਪ ਨੂੰ ਜੋੜ ਕੇ ਰੱਖਣਾ ਕਾਬਿਲ-ਏ-ਤਾਰੀਫ਼ ਹੈ।

ਉਨ੍ਹਾਂ ਆਖਿਆ ਕਿ ਮਾਂ-ਬੋਲੀ ਦੀ ਸੇਵਾ ਅਤੇ ਪ੍ਰਚਾਰ-ਪ੍ਰਸਾਰ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀ ਭੂਮਿਕਾ ਮੋਹਰੀ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੁਖਵਿੰਦਰ ਅੰਮ੍ਰਿਤ ਵੱਲੋਂ ਕਵੀ ਦਰਬਾਰ ਬਾਰੇ ਭਾਵਪੂਰਤ ਟਿੱਪਣੀ ਕਰਦਿਆਂ ਆਖਿਆ ਕਿ ਵੱਖ-ਵੱਖ ਜ਼ੁਬਾਨਾਂ ਦੇ ਕਵੀਆਂ ਨੂੰ ਇੱਕੋ ਮੰਚ ‘ਤੇ ਇਕੱਠਾ ਕਰਨਾ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ‘ਉਸ ਕੋਲ ਰਹਿਮ ਨਹੀਂ ਸੀ’ ਅਤੇ ‘ਮਾਵਾਂ ਧੀਆਂ’ ਨਜ਼ਮਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ।

ਵਿਸ਼ੇਸ਼ ਮਹਿਮਾਨ ਅਸ਼ੋਕ ਨਾਦਿਰ ਵੱਲੋਂ ਸਮੁੱਚੇ ਸਮਾਜਿਕ ਤਾਣੇ-ਬਾਣੇ ‘ਤੇ ਕਟਾਖਸ਼ ਕਰਦਿਆਂ ‘ਸਿਆਸਤ ਕੇ ਪੰਨੋਂ ਮੇਂ ਯੂੰ ਗੁੰਮ ਨਹੀਂ ਹੋਨੇ ਦੂੰਗਾ’ ਨਜ਼ਮ ਸਾਂਝੀ ਕੀਤੀ ਗਈ।​ਇਸ ਕਵੀ ਦਰਬਾਰ ਵਿਚ ਉਰਦੂ, ਪੰਜਾਬੀ ਅਤੇ ਹਿੰਦੀ ਤਿੰਨੋ ਜ਼ੁਬਾਨਾਂ ਦੇ ਕਵੀਆਂ ਜਿਵੇਂ ਡਾ. ਅਨੀਸ਼ ਗਰਗ, ਮਨਮੋਹਨ ਸਿੰਘ ਦਾਊਂ, ਸੁਸ਼ੀਲ ਦੁਸਾਂਝ, ਦੀਪਕ ਸ਼ਰਮਾ ਚਨਾਰਥਲ, ਇਸ਼ਾ ਨਾਜ਼, ਡਾ. ਗੁਰਮਿੰਦਰ ਸਿੱਧੂ, ਪ੍ਰੇਮ ਵਿੱਜ, ਰਮਨ ਸੰਧੂ, ਸ਼ਮਸ ਤਬਰੇਜ਼ੀ, ਰਾਜਨ ਸੁਦਾਮਾ ਅਤੇ ਸੰਗੀਤਾ ਕੁੰਦਰਾ ਵੱਲੋਂ ਕਵਿਤਾ-ਪਾਠ ਲਈ ਸ਼ਮੂਲੀਅਤ ਕੀਤੀ ਗਈ।

ਡਾ. ਅਨੀਸ਼ ਗਰਗ ਵੱਲੋਂ ‘ਸਾਹ ਰਹਿੰਦੇ ਪੁੱਛੇ ਨਾ ਕੋਈ’, ਮਨਮੋਹਨ ਸਿੰਘ ਦਾਊਂ ਵੱਲੋਂ ‘ਜਗੇਗਾ ਕੋਈ ਤਾਂ ਦੀਵਾ’, ਸੁਸ਼ੀਲ ਦੁਸਾਂਝ ਵੱਲੋਂ ‘ਹੱਥ’ ਤੇ ‘ਕੰਨ’, ਦੀਪਕ ਸ਼ਰਮਾ ਚਨਾਰਥਲ ਵੱਲੋਂ ’ਮੈਂ’ਤੁਸੀਂ ਪੁੱਤ ਬਣ ਸੰਭਾਲਾਂਗਾ ਪੰਜਾਬੀ ਨੂੰ’, ਇਸ਼ਾ ਨਾਜ਼ ਵੱਲੋਂ ‘ਲਰਜ਼ਤਾ ਕਾਂਪਤਾ ਪਲਕੋਂ ਪੇ ਤਾਰਾ ਛੋੜ ਆਈ ਹੂੰ’, ਡਾ. ਗੁਰਮਿੰਦਰ ਸਿੱਧੂ ਵੱਲੋਂ ‘ਇਕ ਕੁੜੀ ਸੁਪਨੇ ਲਿਸ਼ਕਾਈ ਫਿਰਦੀ ਹੈ’, ਪ੍ਰੇਮ ਵਿੱਜ ਵੱਲੋਂ ‘ਅਗਰ ਦੁਨੀਆ ਵਾਲੋ’ ਰਮਨ ਸੰਧੂ ਵੱਲੋਂ ‘ਸੂਰਜ ਦੀ ਪਹੁੰਚ ਵੀ ਹਰ ਹਨੇਰੇ ਤੀਕ ਨਹੀਂ ਹੁੰਦੀ’, ਸ਼ਮਸ ਤਬਰੇਜ਼ੀ ਵੱਲੋਂ ‘ਹਿਸਾਬ ਦੇ ਤੋ ਦਿਯਾ’, ਰਾਜਨ ਸੁਦਾਮਾ ਵੱਲੋਂ ‘ਰਿਸ਼ਤੋਂ ਕਾ ਮੋਲ ਐਸੇ ਚੁਕਾਨੇ ਲਗੇ ਹੈਂ ਲੋਗ’ ਅਤੇ ਸੰਗੀਤਾ ਕੁੰਦਰਾ ਵੱਲੋਂ ‘ਜੋ ਤੇਰਾ ਨਹੀਂ ਵੋ ਮਿਲਾ ਨਹੀਂ’ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਆਦਿ ਪੱਖਾਂ ਬਾਰੇ ਗੱਲ ਕਰਦਿਆਂ ਸਮੁੱਚੇ ਮਨੁੱਖੀ ਤਾਣੇ-ਬਾਣੇ ਦੀ ਗੱਲ ਕੀਤੀ ਗਈ।

ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।​ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ ਡਾ. ਬਲਦੇਵ ਸਿੰਘ ਖਹਿਰਾ, ਡਾ. ਅਜੀਤ ਕੰਵਲ ਸਿੰਘ ਹਮਦਰਦ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਸ਼ਾਇਰ ਭੱਟੀ, ਪਰਮਿੰਦਰ ਸਿੰਘ, ਡਾ. ਮੇਘਾ ਸਿੰਘ, ਪ੍ਰੋ. ਐੱਸ.ਕੇ. ਸ਼ਰਮਾ, ਬਲਵੰਤ ਰਾਏ, ਭੁਪਿੰਦਰ ਬੇਕਸ, ਨਿਰਮਲਾ ਦੇਵੀ, ਪਰਵਿੰਦਰ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।​

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Scroll to Top