ਚੰਡੀਗੜ੍ਹ, 24 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਚੱਲ ਰਹੇ ਅਭਿਆਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ (Punjab Police) ਵੱਲੋਂ ਗ੍ਰਿਫ਼ਤਾਰ ਕੀਤੇ ਗਏ 177 ਵਿਅਕਤੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਥੋੜੀ ਬਹੁਤ ਵੀ ਭੂਮਿਕਾ ਸੀ ਜਾਂ ਧਾਰਮਿਕ ਭਾਵਨਾਵਾਂ ਵਿੱਚ ਵਹਿ ਕੇ ਅੰਮ੍ਰਿਤਪਾਲ ਸਿੰਘ ਵੱਲ ਖਿੱਚੇ ਗਏ ਸਨ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਵੀਰਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੁੱਲ 207 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 30 ਕਥਿਤ ਅਪਰਾਧਿਕ ਗਤੀਵਿਧੀਆਂ ਚ ਦੋਸ਼ੀ ਪਾਏ ਗਏ ਹਨ ਜਦੋਂ ਕਿ, ਬਾਕੀ ਬਚੇ ਸੁਰੱਖਿਆ ਇਹਤਿਆਤ ਵਜੋਂ ਗ੍ਰਿਫਤਾਰੀ ਅਧੀਨ ਹਨ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਅੰਮ੍ਰਿਤ ਛਕਣ ਅਤੇ ਨਸ਼ਾ ਛੁਡਾਉਣ ਵਿਚ ਸ਼ਾਮਲ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਪੁਲਿਸ (Punjab Police) ਟੀਮਾਂ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ।”
ਆਈਜੀਪੀ ਨੇ ਕਿਹਾ ਕਿ ਇਹ ਅਪਰੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਤੋਂ ਬਚਾਉਣ ਦੇ ਉਦੇਸ਼ ਨਾਲ ਚਲਾਇਆ ਗਿਆ ਸੀ। “ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਚੱਲ ਰਹੇ ਅਪਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ ਨਾ ਕੀਤਾ ਜਾਵੇ। ਪੁਲਿਸ ਟੀਮਾਂ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਈ ਅਸੁਵਿਧਾ ਪੇਸ਼ ਨਹੀਂ ਆਉਣ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਮ ਦੀ ਇੱਕ ਔਰਤ ਨੂੰ 19 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਹਿਯੋਗੀ ਪੱਪਲਪ੍ਰੀਤ ਸਿੰਘ ਨੂੰ ਉਸਦੇ ਘਰ ਵਿੱਚ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਕਤ ਔਰਤ ਨੇ ਖੁਲਾਸਾ ਕੀਤਾ ਕਿ ਪੱਪਲਪ੍ਰੀਤ ਪਿਛਲੇ ਢਾਈ ਸਾਲਾਂ ਤੋਂ ਉਸ ਦੇ ਸੰਪਰਕ ਵਿੱਚ ਸੀ।
ਉਨ੍ਹਾਂ ਦੱਸਿਆ ਕਿ ਚੱਲ ਰਹੇ ਆਪ੍ਰੇਸ਼ਨ ਦੌਰਾਨ ਖੰਨਾ ਪੁਲਿਸ ਨੇ ਅੰਮ੍ਰਿਤਪਾਲ ਦਾ ਇੱਕ ਹੋਰ ਨਜ਼ਦੀਕੀ ਸਾਥੀ ਤਜਿੰਦਰ ਸਿੰਘ ਗਿੱਲ ਉਰਫ਼ ਗੋਰਖਾ ਬਾਬਾ (42) ਵਾਸੀ ਪਿੰਡ ਮਾਂਗੇਵਾਲ ਵੀ ਕਾਬੂ ਕੀਤਾ ਹੈ। ਪੁਲਿਸ ਟੀਮਾਂ ਨੇ ਉਸ ਕੋਲੋਂ ਆਨੰਦਪੁਰ ਖਾਲਸਾ ਫੌਜ (ਏਕੇਐਫ) ਦੇ ਹੋਲੋਗ੍ਰਾਮ ਅਤੇ ਹਥਿਆਰਾਂ ਦੀ ਸਿਖਲਾਈ ਦੀਆਂ ਵੀਡੀਓਜ਼ ਸਮੇਤ ਕੁਝ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਮਲੌਦ ਖੰਨਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 336 ਅਤੇ ਅਸਲਾ ਐਕਟ ਦੀ ਧਾਰਾ 27 ਤਹਿਤ ਐਫਆਈਆਰ ਨੰਬਰ 23 ਮਿਤੀ 22.03.2023 ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਇੰਟਰਨੈੱਟ ਬੰਦ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਬ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਫਾਰਮ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਹੈ।